ਚੰਡੀਗੜ੍ਹ ਮਿਉਂਸਪਲ ਭਵਨ ਵਿਖੇ ਨਿਯੁਕਤੀ ਪੱਤਰ ਦਿੰਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਇਕ ਵਾਰ ਫਿਰ ਵਿਰੋਧੀ ਧਿਰ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਅਕਾਲੀ ਦਲ ਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਪਹਿਲੀ ਨਵੰਬਰ ਨੂੰ ਉਨ੍ਹਾਂ ਵਿੱਚੋਂ ਕੋਈ ਵੀ ਸਟੇਜ ’ਤੇ ਨਹੀਂ ਆਵੇਗਾ ਕਿਉਂਕਿ ਉਹ ਡਰਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਬੰਦ ਪਏ ਟੋਲ ਪਲਾਜ਼ੇ ਕਈ ਸਾਲ ਪਹਿਲਾਂ ਬੰਦ ਹੋ ਜਾਣੇ ਚਾਹੀਦੇ ਸਨ। ਠੇਕੇ ਵਾਰ-ਵਾਰ ਰੀਨਿਊ ਕੀਤੇ ਗਏ। ਇਨ੍ਹਾਂ ਵਿੱਚ ਪਿਛਲੀਆਂ ਸਰਕਾਰਾਂ ਦੀ ਹਿੱਸੇਦਾਰੀ ਸੀ। ਇਨ੍ਹਾਂ ਨੇ ਲੋਕਾਂ ਨੂੰ ਲੁੱਟਿਆ ਹੈ। ਮੈਂ 1 ਨਵੰਬਰ ਨੂੰ ਬਹਿਸ ਵਿੱਚ ਜ਼ਰੂਰ ਜਾਵਾਂਗਾ। ਸੁਖਬੀਰ ਬਾਦਲ, ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਕੁਰਸੀਆਂ ਮੈਂ ਖੁਦ ਲਗਾਵਾਂਗਾ।
ਇੰਨਾ ਹੀ ਨਹੀਂ ਮੈਂ ਉਨ੍ਹਾਂ ਦੀਆਂ ਕੁਰਸੀਆਂ ਦੇ ਸਾਹਮਣੇ ਉਨ੍ਹਾਂ ਦਾ ਪਸੰਦੀਦਾ ਭੋਜਨ, ਸੁਖਬੀਰ ਬਾਦਲ ਦੇ ਸਾਹਮਣੇ ਪੀਜ਼ਾ ਅਤੇ ਡਾਈਟ ਕੋਕ, ਪ੍ਰਤਾਪ ਸਿੰਘ ਬਾਜਵਾ ਦੇ ਸਾਹਮਣੇ ਬਲੈਕ ਕੌਫੀ, ਸੁਨੀਲ ਜਾਖੜ ਦੇ ਸਾਹਮਣੇ ਸੰਤਰੇ ਦਾ ਜੂਸ ਅਤੇ ਰਾਜਾ ਵੜਿੰਗ ਦੇ ਸਾਹਮਣੇ ਚਾਹ ਰੱਖਾਂਗਾ। ਮੈਂ ਉਹਨਾਂ ਲਈ ਪ੍ਰਬੰਧ ਕਰਾਂਗਾ ਜੋ ਉਹਨਾਂ ਨੂੰ ਪਸੰਦ ਹਨ ਪਰ ਉਹ ਨਹੀਂ ਆਉਣਗੇ ਕਿਉਂਕਿ ਉਹ ਡਰਦੇ ਹਨ।
ਮੈਂ ਸਿਰਫ਼ ਐਸ ਵਾਈ ਐਲ ਨਹਿਰ ਦੀ ਚਰਚਾ ਨਹੀਂ ਕਰਾਂਗਾ। 1965 ਤੋਂ ਬਾਅਦ ਪੰਜਾਬ ਨੂੰ ਕਿਵੇਂ ਲੁੱਟਿਆ ਗਿਆ। ਇਸ 'ਤੇ ਬਹਿਸ ਹੋਣੀ ਚਾਹੀਦੀ ਹੈ। ਮੈਨੂੰ ਜ਼ੁਬਾਨੀ ਸਭ ਕੁਝ ਯਾਦ ਹੈ, ਪਰ ਉਹ ਨਹੀਂ ਆਉਂਦੇ, ਕਿਉਂਕਿ ਉਹ ਜਾਣਦੇ ਹਨ ਕਿ ਜੇ ਉਹ ਉੱਥੇ ਪਹੁੰਚ ਗਏ ਤਾਂ ਉਹ ਬਹਿਸ ਵਿਚ ਫਸ ਜਾਣਗੇ। ਸੱਚ ਸੁਣਨਾ ਸਭ ਤੋਂ ਔਖਾ ਹੈ।