ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ ਲੈਂਡਸਲਾਈਡ ਕਾਰਨ ਬੰਦ ਹੋ ਗਿਆ ਹੈ। ਇਸ ਦੌਰਾਨ ਅੱਜ ਸਵੇਰੇ ਰਾਸ਼ਟਰੀ ਰਾਜਮਾਰਗ 'ਤੇ ਇੱਕ ਨਿੱਜੀ ਬੱਸ ਵੀ ਲੈਂਡਸਲਾਈਡ ਦੀ ਲਪੇਟ ਵਿੱਚ ਆ ਗਈ। ਇਸ ਦੌਰਾਨ ਬੱਸ ਪਲਟ ਗਈ ਅਤੇ ਸੜਕ ਕਿਨਾਰੇ ਕੰਧ 'ਤੇ ਜਾ ਕੇ ਰੁਕ ਗਈ। ਇਸ ਵਿੱਚ ਡਰਾਈਵਰ ਅਤੇ ਕੰਡਕਟਰ ਸਮੇਤ 4 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ।
ਲੈਂਡਸਲਾਈਡ ਕਾਰਣ ਬੱਸ ਹਾਦਸੇ ਦਾ ਸ਼ਿਕਾਰ
ਇਹ ਹਾਦਸਾ ਸ਼ੁੱਕਰਵਾਰ ਸਵੇਰੇ 6.50 ਵਜੇ ਵਾਪਰਿਆ। ਜਦੋਂ ਮਨਾਲੀ ਤੋਂ ਪਠਾਨਕੋਟ ਜਾ ਰਹੀ ਇੱਕ ਨਿੱਜੀ ਬੱਸ ਬਨਾਲਾ ਦੇ ਨੇੜੇ ਪਹੁੰਚੀ ਤਾਂ ਪਹਾੜੀ ਤੋਂ ਅਚਾਨਕ ਜ਼ਮੀਨ ਖਿਸਕ ਗਈ। ਇਸ ਵਿੱਚ ਡਰਾਈਵਰ ਜਸਵੰਤ ਸਿੰਘ, ਕੰਡਕਟਰ ਅੰਕੁਸ਼ ਅਤੇ ਦੋ ਹੋਰ ਯਾਤਰੀ ਜ਼ਖਮੀ ਹੋ ਗਏ। ਪਹਾੜੀ ਤੋਂ ਵੱਡੀ ਮਾਤਰਾ ਵਿੱਚ ਮਲਬਾ ਡਿੱਗਣ ਤੋਂ ਬਾਅਦ ਬੱਸ ਸੜਕ ਕਿਨਾਰੇ ਪਲਟ ਗਈ। ਇਹ ਖੁਸ਼ਕਿਸਮਤੀ ਰਹੀ ਕਿ ਬੱਸ ਖੱਡ ਵਿੱਚ ਨਹੀਂ ਡਿੱਗੀ।
ਕੁੱਲੂ ਵਿੱਚ ਅੱਜ ਸਕੂਲ-ਕਾਲਜ ਬੰਦ
ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਅਤੇ ਬਰਫ਼ਬਾਰੀ ਹੋ ਰਹੀ ਹੈ। ਇਸ ਤੋਂ ਇਲਾਵਾ, ਰਾਜ ਦੇ ਉੱਪਰੀ ਇਲਾਕਿਆਂ ਵਿੱਚ ਕਈ ਫੁੱਟ ਬਰਫ਼ ਜਮ੍ਹਾ ਹੋ ਗਈ ਹੈ। ਲਾਹੌਲ-ਸਪਿਤੀ ਅਤੇ ਕੁੱਲੂ-ਮਨਾਲੀ ਵਿੱਚ ਮੀਂਹ ਅਤੇ ਬਰਫ਼ਬਾਰੀ ਕਾਰਨ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਜਿਸ ਕਾਰਨ ਅੱਜ ਸ਼ੁੱਕਰਵਾਰ ਨੂੰ ਕੁੱਲੂ ਵਿੱਚ ਸਾਰੀਆਂ ਸਿੱਖਿਆ ਸੰਸਥਾਵਾਂ ਅਤੇ ਆਂਗਣਵਾੜੀ ਕੇਂਦਰ ਬੰਦ ਰਹਿਣਗੇ।