ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵਪਾਰ ਮਿਲਣੀ ਦੌਰਾਨ ਅੱਜ ਪਠਾਨਕੋਟ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਭਿਨੇਤਾ ਸੰਨੀ ਦਿਓਲ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਤੁਹਾਡਾ ਐਮ ਪੀ ਫਿਲਮਾਂ ਵਿਚ ਤਾਂ ਨਲਕੇ ਉਖਾੜ ਦਿੰਦਾ ਹੈ ਪਰ ਉਸ ਦੇ ਆਪਣੇ ਹਲਕੇ ਵਿਚ ਉਸ ਨੇ ਇਕ ਵੀ ਨਲਕਾ ਨਹੀਂ ਲਗਵਾਇਆ।
ਰਾਜਨੀਤੀ ਕੋਈ 9 ਤੋਂ 5 ਵਾਲੀ ਡਿਊਟੀ ਨਹੀਂ
ਮਾਨ ਨੇ ਕਿਹਾ ਕਿ ਰਾਜਨੀਤੀ ਕੋਈ 9 ਤੋਂ ਪੰਜ ਵਜੇ ਵਾਲੀ ਡਿਊਟੀ ਨਹੀਂ ਹੈ। ਇਹ ਰਾਜਨੀਤੀ 24 ਘੰਟਿਆਂ ਦੀ ਡਿਊਟੀ ਹੈ। ਕੋਈ ਨਹੀਂ ਜਾਣਦਾ ਕਿ ਕਦੋਂ ਕੋਈ ਬੀਮਾਰ ਮਾਂ ਦਾ ਫੋਨ ਆ ਜਾਵੇ, ਕਦੇ ਵੀ ਕਿਸੇ ਨੂੰ ਰਾਤ ਇਕ ਜਾਂ ਦੋ ਵਜੇ ਹਸਪਤਾਲ ਭਰਤੀ ਕਰਨਾ ਪੈ ਸਕਦਾ ਹੈ।
ਸੰਨੀ ਦਿਓਲ ਨੂੰ ਮੈਂ ਕਦੇ ਸੰਸਦ ਵਿਚ ਨਹੀਂ ਦੇਖਿਆ
ਸੀ.ਐਮ ਮਾਨ ਨੇ ਕਿਹਾ ਕਿ ਆਪਣੇ ਹਲਕੇ ਵਿਚ ਕੀ ਆਉਣਾ ਸੰਨੀ ਦਿਓਲ ਸਾਹਬ ਕਦੇ ਸੰਸਦ ਵਿਚ ਨਹੀਂ ਆਏ। ਮੈਂ 2014 ਤੋਂ 22 ਤੱਕ ਐਮ.ਪੀ. ਰਿਹਾ ਹਾਂ ਤੇ ਸੰਨੀ ਦਿਓਲ 2019 ਵਿੱਚ ਸੰਸਦ ਬਣੇ ਸਨ ਪਰ ਮੈਂ ਉਨ੍ਹਾਂ ਨੂੰ 2022 ਤੱਕ ਕਦੇ ਸੰਸਦ ਵਿੱਚ ਨਹੀਂ ਦੇਖਿਆ। ਸੀਐਮ ਮਾਨ ਨੇ ਕਿਹਾ ਕਿ ਸੰਸਦ ਮੈਂਬਰ ਲੋਕਾਂ ਅਤੇ ਸਰਕਾਰ ਵਿਚਕਾਰ ਇਕ ਪੁਲ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਲੋਕਾਂ ਦੇ ਮਸਲੇ ਸਰਕਾਰ ਤੱਕ ਪਹੰਚਾਉਣੇ ਹੁੰਦੇ ਹਨ। ਤੰਜ ਕਸਦੇ ਹੋਏ ਮਾਨ ਨੇ ਕਿਹਾ ਕਿ ਹੁਣ ਢਾਈ ਕਿੱਲੋ ਦਾ ਹੱਥ ਇੱਕ ਕਿੱਲੋ ਦਾ ਰਹਿ ਗਿਆ ਹੈ।
ਲੋਕ ਰੱਬ ਮੰਨ ਕੇ ਵੋਟ ਪਾਉਂਦੇ ਹਨ ਤੇ ਤੁਸੀਂ ਹਲਕੇ 'ਚ ਨਹੀਂ ਵੜਦੇ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵੋਟਾਂ ਨੂੰ ਤੁਸੀਂ ਐਵੇਂ ਨਾ ਜਾਣੋਂ, ਲੋਕ ਵੋਟਾਂ ਰੱਬ ਮੰਨ ਕੇ ਪਾਉਂਦੇ ਹਨ, ਤੁਹਾਡੇ ਵੋਟਰ ਕਾਰਡ ਸ਼ਹੀਦ ਭਗਤ ਸਿੰਘ, ਰਾਜਗੁਰੂ, ਕਰਤਾਰ ਸਿੰਘ ਸਰਾਭਾ ਅਤੇ ਲਾਲਾ ਲਾਜਪਤ ਰਾਏ ਦੇ ਖੂਨ ਨਾਲ ਲਿਖੇ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਸੋਚ ਸਮਝ ਕੇ ਵੋਟ ਪਾਉਣ ਦੀ ਅਪੀਲ ਕੀਤੀ। ਪਾਰਟੀਆਂ ਇਹ ਸਮਝਦੀਆਂ ਹਨ ਕਿ ਇਹ ਗੁਰਦਾਸਪੁਰ ਵਾਲੇ ਹਨ ਕਿਸੇ ਵੀ ਮਸ਼ਹੂਰ ਹਸਤੀ ਨੂੰ ਵੋਟਾਂ ਪਾ ਦਿੰਦੇ ਹਨ, ਹੁਣ ਉਹ ਕਿਸੇ ਹੋਰ ਨੂੰ ਲੱਭਣਗੇ, ਇਸ ਲਈ ਵੋਟ ਦਾ ਇਸਤੇਮਾਲ ਸੋਚ ਸਮਝ ਕੇ ਹੀ ਕਰੋ।