ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਕੱਲ੍ਹ ਤੱਕ ਗਠਜੋੜ ਦਾ ਐਲਾਨ ਹੋ ਸਕਦਾ ਹੈ। ਸ਼ਨੀਵਾਰ ਦੇਰ ਰਾਤ ਕਾਂਗਰਸ ਦੇ ਇੰਚਾਰਜ ਦੀਪਕ ਬਾਬਰੀਆ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਿਚਾਲੇ ਮੀਟਿੰਗ ਹੋਈ ਹੈ । ਜਾਣਕਾਰੀ ਮੁਤਾਬਕ 'ਆਪ' ਨੇ ਕਰੀਬ 5 ਸੀਟਾਂ 'ਤੇ ਗਠਜੋੜ ਲਈ ਸਹਿਮਤੀ ਜਤਾਈ ਹੈ। ਹਾਲਾਂਕਿ ਇਸ ਦਾ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਾਰਟੀਆਂ ਭਲਕੇ 9 ਸਤੰਬਰ ਨੂੰ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਗਠਜੋੜ ਦਾ ਐਲਾਨ ਕਰ ਸਕਦੀ ਹਨ। ਪਾਰਟੀ ਸੂਤਰਾਂ ਅਨੁਸਾਰ ਕਾਂਗਰਸ ਨੇ 'ਆਪ' ਨੂੰ 4+1 ਫਾਰਮੂਲਾ ਯਾਨੀ 5 ਸੀਟਾਂ ਦੀ ਪੇਸ਼ਕਸ਼ ਕੀਤੀ ਹੈ ਪਰ ਪਾਰਟੀ ਆਪਣੀ ਪਸੰਦ ਦੀ ਸੀਟ ਲਈ ਵੀ ਦਬਾਅ ਪਾ ਰਹੀ ਹੈ।
ਇਨ੍ਹਾਂ ਸੀਟਾਂ 'ਤੇ ਬਣ ਸਕਦੀ ਹੈ ਸਹਿਮਤੀ
ਲੋਕ ਸਭਾ ਚੋਣਾਂ ਵਿੱਚ ਕੁਰੂਕਸ਼ੇਤਰ ਸੀਟ ਤੋਂ ਆਪ-ਕਾਂਗਰਸ ਦੇ ਸਾਂਝੇ ਉਮੀਦਵਾਰ ਡਾ.ਸੁਸ਼ੀਲ ਗੁਪਤਾ ਨੇ ਚੋਣ ਲੜੀ ਸੀ। ਇਸ ਸੀਟ ਅਧੀਨ 11 ਵਿਧਾਨ ਸਭਾ ਹਲਕੇ ਆਉਂਦੇ ਹਨ। ਗੁਪਤਾ ਇਹ ਚੋਣ ਨਹੀਂ ਜਿੱਤ ਸਕੇ ਪਰ ਉਨ੍ਹਾਂ ਨੇ ਇਸ ਹਲਕੇ ਅਧੀਨ ਆਉਂਦੀਆਂ 4 ਸੀਟਾਂ (ਗੁਹਲਾ ਚੀਕਾ, ਪਿਹੋਵਾ, ਸ਼ਾਹਬਾਦ ਅਤੇ ਕਲਾਇਤ) ਜਿੱਤ ਲਈਆਂ ਸਨ। ਕਾਂਗਰਸ ਇਹ ਚਾਰ ਸੀਟਾਂ 'ਆਪ' ਨੂੰ ਦੇ ਸਕਦੀ ਹੈ।
5 ਅਕਤੂਬਰ ਨੂੰ ਪੈਣਗੀਆਂ ਵੋਟਾਂ
ਦੱਸ ਦੇਈਏ ਕਿ ਹਰਿਆਣਾ 'ਚ 5 ਅਕਤੂਬਰ ਨੂੰ ਇੱਕ ਪੜਾਅ 'ਚ ਸਾਰੀਆਂ 90 ਸੀਟਾਂ ਲਈ ਵੋਟਿੰਗ ਪ੍ਰਕਿਰਿਆ ਪੂਰਾ ਕੀਤਾ ਜਾਵੇਗਾ। ਇਸ ਤੋਂ ਬਾਅਦ 8 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ।