ਖੰਨਾ 'ਚ ਕਾਂਗਰਸੀ ਆਗੂ ਰਾਜਦੀਪ ਸਿੰਘ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬੀਤੇ ਦਿਨ ਬੁੱਧਵਾਰ ਸਵੇਰੇ 4 ਵਜੇ ਤੋਂ ਰਾਜਦੀਪ ਸਿੰਘ ਦੇ ਘਰ ਅਤੇ ਦੁਕਾਨਾਂ 'ਤੇ ਛਾਪੇਮਾਰੀ ਚੱਲ ਰਹੀ ਸੀ। ਰਾਜਦੀਪ ਸਿੰਘ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਹਨ। ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
ਰਾਜਦੀਪ ਸਿੰਘ ਖੰਨਾ 'ਚ ਬਤੌਰ ਏਜੰਟ ਕੰਮ ਕਰਦਾ ਹੈ। ਦੱਸ ਦੇਈਏ ਕਿ ਇਹ ਗ੍ਰਿਫਤਾਰੀ ਅਤੇ ਛਾਪੇਮਾਰੀ ਸਾਬਕਾ ਕਾਂਗਰਸ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਟੈਂਡਰ ਘੁਟਾਲੇ ਨਾਲ ਸਬੰਧਤ ਹੈ। ਭਾਰਤ ਭੂਸ਼ਣ ਆਸ਼ੂ ਨੂੰ ਈਡੀ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਉਹ ਇਸ ਸਮੇਂ ਜੇਲ੍ਹ ਵਿੱਚ ਹੈ।
ਹਰਿਆਣਾ ਵਿੱਚ ਵੀ ਈਡੀ ਦੀ ਕਾਰਵਾਈ
ਇਸ ਤੋਂ ਪਹਿਲਾਂ ਹਰਿਆਣਾ ਵਿੱਚ ਈਡੀ ਨੇ ਸੋਨੀਪਤ ਤੋਂ ਕਾਂਗਰਸ ਵਿਧਾਇਕ ਸੁਰਿੰਦਰ ਪੰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਪੰਵਾਰ ਦੇ ਨਾਲ-ਨਾਲ ਉਸ ਦੇ ਪੁੱਤਰ ਨੂੰ ਵੀ ਈਡੀ ਨੇ ਗ੍ਰਿਫਤਾਰ ਕਰ ਅੰਬਾਲਾ ਲਿਜਾਇਆ ਗਿਆ। ਜਿੱਥੇ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਇਸ ਦੇ ਨਾਲ ਹੀ ਹਰਿਆਣਾ 'ਚ 3 ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਈਡੀ ਲਗਾਤਾਰ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ।
ਇਹ ਮਾਮਲਾ ਨਾਜਾਇਜ਼ ਮਾਈਨਿੰਗ ਨਾਲ ਸਬੰਧਤ ਹੈ। ਕਾਂਗਰਸੀ ਵਿਧਾਇਕ ਦਾ ਸਬੰਧ ਯਮੁਨਾਨਗਰ ਤੋਂ ਇਨੈਲੋ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਨਾਲ ਜੁੜੇ ਹੋਏ ਸਨ । ਦੱਸ ਦੇਈਏ ਕਿ ਸੁਰੇਂਦਰ ਖਿਲਾਫ ਮਨੀ ਲਾਂਡਰਿੰਗ ਨੂੰ ਲੈ ਕੇ ਅਹਿਮ ਸਬੂਤ ਮਿਲੇ ਸਨ ।
7 ਮਹੀਨੇ ਪਹਿਲਾਂ ਵੀ ED ਨੇ ਕੀਤੀ ਸੀ ਛਾਪੇਮਾਰੀ
ਵਿਧਾਇਕ ਸੁਰਿੰਦਰ ਪੰਵਾਰ ਦਾ ਹਰਿਆਣਾ ਦੇ ਨਾਲ-ਨਾਲ ਰਾਜਸਥਾਨ ਵਿੱਚ ਵੀ ਮਾਈਨਿੰਗ ਦਾ ਕਾਰੋਬਾਰ ਹੈ। ਕਰੀਬ 7 ਮਹੀਨੇ ਪਹਿਲਾਂ ਈਡੀ ਦੀ ਟੀਮ ਨੇ ਸੋਨੀਪਤ ਦੇ ਸੈਕਟਰ-15 ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਛਾਪਾ ਮਾਰਿਆ ਸੀ। ਮਾਈਨਿੰਗ ਕਾਰੋਬਾਰ ਦੀ ਜਾਂਚ ਕਰੀਬ 36 ਘੰਟੇ ਤੱਕ ਜਾਂਚ ਚੱਲੀ ਸੀ । ਜਿਸ ਤੋਂ ਬਾਅਦ ਟੀਮ ਨੇ ਮਾਈਨਿੰਗ ਦੇ ਕਾਰੋਬਾਰ 'ਚ ਮਨੀ ਲਾਂਡਰਿੰਗ ਦੀ ਜਾਂਚ ਲਈ ਘਰ 'ਚ ਰੱਖੇ ਦਸਤਾਵੇਜ਼ਾਂ ਦੀ ਤਲਾਸ਼ੀ ਲਈ।