ਹਰਿਆਣਾ ਦੇ ਫਤਿਹਾਬਾਦ ਵਿੱਚ ਸ਼ੁੱਕਰਵਾਰ ਦੇਰ ਰਾਤ ਧੁੰਦ ਕਾਰਨ ਵਾਪਰੇ ਇੱਕ ਭਿਆਨਕ ਹਾਦਸੇ ਵਿਚ ਪਰਿਵਾਰ ਦੇ ਕਈ ਮੈਂਬਰਾਂ ਦੀ ਜਾਨ ਚਲੀ ਗਈ। ਜਿਥੇ ਇੱਕ ਕਰੂਜ਼ਰ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 2 ਲੋਕਾਂ ਨੂੰ ਬਚਾ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਮਹਿਮਰਾ ਦੇ ਇੱਕ ਪਰਿਵਾਰ ਦੇ 14 ਮੈਂਬਰ ਪੰਜਾਬ ਦੇ ਜਲਾਲਾਬਾਦ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਗਏ ਸਨ, ਜਿਸ ਲਈ ਉਨ੍ਹਾਂ ਨੇ ਇੱਕ ਕਰੂਜ਼ਰ ਕਾਰ ਕਿਰਾਏ 'ਤੇ ਲਈ ਸੀ। ਸ਼ੁੱਕਰਵਾਰ ਰਾਤ ਨੂੰ ਜਦੋਂ ਪਰਿਵਾਰ ਉੱਥੋਂ ਵਾਪਸ ਆ ਰਿਹਾ ਸੀ ਤਾਂ ਭਾਰੀ ਧੁੰਦ ਕਾਰਨ ਕਰੂਜ਼ਰ ਕਾਰ ਸਰਦਾਰੇਵਾਲਾ ਨੇੜੇ ਭਾਖੜਾ ਨਹਿਰ ਵਿੱਚ ਡਿੱਗ ਗਈ।
ਡਰਾਈਵਰ ਨੇ ਛਾਲ ਮਾਰ ਬਚਾਈ ਜਾਨ
ਇਸ ਦੌਰਾਨ ਡਰਾਈਵਰ ਜਰਨੈਲ ਸਿੰਘ ਨੇ ਕਾਰ ਤੋਂ ਛਾਲ ਮਾਰ ਦਿੱਤੀ ਅਤੇ ਆਪਣੀ ਜਾਨ ਬਚਾਈ। ਉਸੇ ਸਮੇਂ, ਜਿਵੇਂ ਹੀ ਡਰਾਈਵਰ ਨੂੰ ਹੋਸ਼ ਆਇਆ, ਉਸ ਨੇ ਮੌਕੇ 'ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਲੋਕ ਇਕੱਠੇ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਪੁਲਸ ਅਤੇ ਐਨਡੀਆਰਐਫ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਨਹਿਰ ਵਿੱਚ ਲੋਕਾਂ ਦੀ ਭਾਲ ਸ਼ੁਰੂ ਕੀਤੀ ਗਈ। ਰਾਤ ਨੂੰ ਕਰੂਜ਼ਰ ਗੱਡੀ ਨੂੰ ਨਹਿਰ ਵਿਚੋਂ ਬਾਹਰ ਕੱਢ ਲਿਆ ਗਿਆ ਸੀ।
11 ਲਾਸ਼ਾਂ ਬਰਾਮਦ ਕੀਤੀਆਂ ਗਈਆਂ
ਇਸ ਦੌਰਾਨ, ਲਗਭਗ 2 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ, NDRF ਨੇ ਕਰੇਨ ਦੀ ਮਦਦ ਨਾਲ ਕਰੂਜ਼ਰ ਗੱਡੀ ਨੂੰ ਬਾਹਰ ਕੱਢ ਲਿਆ ਗਿਆ ਸੀ। ਹਾਲਾਂਕਿ ਇਸ ਵਿੱਚ ਕੋਈ ਵੀ ਵਿਅਕਤੀ ਨਹੀਂ ਸੀ। ਇਸ ਦੇ ਨਾਲ ਹੀ ਰਾਤ ਨੂੰ ਧੁੰਦ ਅਤੇ ਠੰਡ ਕਾਰਨ ਬਚਾਅ ਕਾਰਜ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਟੀਮ ਨੇ ਸਵੇਰੇ ਦੁਬਾਰਾ ਬਚਾਅ ਕਾਰਜ ਸ਼ੁਰੂ ਕੀਤਾ। ਇਸ ਕਾਰਵਾਈ ਦੌਰਾਨ 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਸ਼ਨੀਵਾਰ ਨੂੰ ਸਿਰਸਾ ਜ਼ਿਲ੍ਹੇ ਵਿੱਚ 7 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਇਨ੍ਹਾਂ ਵਿੱਚੋਂ 6 ਲਾਸ਼ਾਂ ਪਿੰਡ ਗਦਰਾਣਾ ਨੇੜੇ ਕਾਲੂਆਣਾ ਮਾਈਨਰ ਵਿੱਚੋਂ ਮਿਲੀਆਂ। ਇਨ੍ਹਾਂ ਵਿੱਚ ਚਾਰ ਔਰਤਾਂ, ਇੱਕ ਆਦਮੀ ਅਤੇ ਇੱਕ 10 ਸਾਲ ਦੀ ਕੁੜੀ ਹੈ। ਇਸੇ ਤਰ੍ਹਾਂ ਕੁਰੰਗਾਵੇਲੀ ਪਿੰਡ ਨੇੜੇ ਕਾਲੂਆਣਾ ਮਾਈਨਰ ਵਿੱਚ ਇੱਕ ਲਾਸ਼ ਮਿਲੀ ਹੈ। ਇਹ ਲਾਸ਼ ਲਗਭਗ ਡੇਢ ਤੋਂ ਦੋ ਸਾਲ ਦੇ ਬੱਚੇ ਦੀ ਹੈ। ਜਦੋਂ ਕਿ ਪੰਜਾਬ ਦੇ ਫਰੀਦ ਹੈੱਡ ਵਿੱਚ 4 ਲਾਸ਼ਾਂ ਮਿਲੀਆਂ।