ਪੰਜਾਬ-ਹਰਿਆਣਾ ਦੇ ਖਨੌਰੀ ਬਾਰਡਰ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 53ਵੇਂ ਦਿਨ ਵਿੱਚ ਦਾਖਲ ਹੋ ਗਿਆ। ਇਸ ਦੇ ਨਾਲ ਹੀ ਦੱਸ ਦੇਈਏ ਕਿ 15 ਜਨਵਰੀ ਤੋਂ 101 ਕਿਸਾਨ ਡੱਲੇਵਾਲ ਦੀ ਹਮਾਇਤ ਵਿਚ ਭੁੱਖ ਹੜਤਾਲ ਉਤੇ ਹਨ, ਜਿਨਾਂ ਦੀ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਹੈ।
ਵਰਤ ਦੇ 53ਵੇਂ ਦਿਨ ਤੋਂ ਬਾਅਦ ਵੀ ਡੱਲੇਵਾਲ ਡਾਕਟਰੀ ਮਦਦ ਨਹੀਂ ਲੈ ਰਹੇ। ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਕਿਸਾਨ ਆਗੂ ਅਭਿਮਨਿਊ ਕੋਹਾੜ ਦੇ ਅਨੁਸਾਰ ਡੱਲੇਵਾਲ ਦਾ 20 ਕਿਲੋ ਭਾਰ ਘੱਟ ਗਿਆ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ, ਹਾਲਾਂਕਿ ਡਾਕਟਰਾਂ ਦੀ ਟੀਮ ਉਨ੍ਹਾਂ 'ਤੇ ਨਜ਼ਰ ਰੱਖ ਰਹੀ ਹੈ।
ਭੁੱਖ ਹੜਤਾਲ ਤੋਂ ਪਹਿਲਾਂ ਸੀ 86 ਕਿਲੋ
ਜਦੋਂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ 'ਤੇ ਬੈਠੇ ਸਨ ਤਾਂ ਉਨ੍ਹਾਂ ਦਾ ਭਾਰ 86 ਕਿਲੋ 900 ਗ੍ਰਾਮ ਸੀ, ਜੋ ਹੁਣ ਘੱਟ ਕੇ 66 ਕਿਲੋ 400 ਗ੍ਰਾਮ ਹੋ ਗਿਆ ਹੈ। ਇੱਕ ਦਿਨ ਪਹਿਲਾਂ ਹੀ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀ ਡੱਲੇਵਾਲ ਨੂੰ ਮਿਲਣ ਆਏ ਸਨ। ਡੱਲੇਵਾਲ ਦੇ ਨਾਲ 111 ਕਿਸਾਨਾਂ ਨੇ ਵੀ 2 ਦਿਨ ਪਹਿਲਾਂ ਮਰਨ ਵਰਤ ਸ਼ੁਰੂ ਕੀਤਾ ਹੈ।
21 ਜਨਵਰੀ ਨੂੰ ਦਿੱਲੀ ਕੂਚ
ਦੱਸ ਦੇਈਏ ਕਿ ਹਾਲ ਹੀ ਵਿੱਚ ਪਟਿਆਲਾ ਵਿੱਚ ਕਿਸਾਨਾਂ ਦੀ 4 ਘੰਟੇ ਦੀ ਮੀਟਿੰਗ ਹੋਈ ਸੀ। ਇਸ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ 21 ਜਨਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਪੰਧੇਰ ਨੇ ਕਿਹਾ ਕਿ ਜਥੇ ਵਿੱਚ 101 ਕਿਸਾਨ ਸ਼ਾਮਲ ਕੀਤੇ ਜਾਣਗੇ। ਕੇਂਦਰ ਸਰਕਾਰ ਅਜੇ ਵੀ ਗੱਲਬਾਤ ਦੇ ਮੂਡ ਵਿੱਚ ਨਹੀਂ ਹੈ, ਇਸ ਲਈ ਅਸੀਂ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ। ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦੇਸ਼ ਦੇ ਹਿੱਤ ਵਿੱਚ ਹਨ ਅਤੇ ਇਨ੍ਹਾਂ ਨੂੰ ਲਾਗੂ ਕੀਤਾ ਜਾਵੇਗਾ।
26 ਜਨਵਰੀ ਨੂੰ ਟਰੈਕਟਰ ਮਾਰਚ
ਦੱਸ ਦੇਈਏ ਕਿ 18 ਤਰੀਕ ਨੂੰ ਕਿਸਾਨ ਅੰਦੋਲਨ ਸਬੰਧੀ SKM ਆਗੂਆਂ ਨਾਲ ਮੀਟਿੰਗ ਹੋਵੇਗੀ। ਇਸ ਤੋਂ ਬਾਅਦ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਹ ਮਾਰਚ ਦੇਸ਼ ਭਰ ਵਿੱਚ ਕੱਢਿਆ ਜਾਵੇਗਾ।