ਖ਼ਬਰਿਸਤਾਨ ਨੈੱਟਵਰਕ- ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਔਰਾ 2025 ਸ਼ੋਅ ਦਾ ਐਲਾਨ ਕਰ ਦਿੱਤਾ ਹੈ। ਸ਼ੋਅ ਦੀਆਂ ਤਰੀਕਾਂ ਵੀ ਸਾਹਮਣੇ ਆ ਚੁੱਕੀਆਂ ਹਨ। ਇਹ ਸ਼ੋਅ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਹੋਣ ਜਾ ਰਹੇ ਹਨ। 26 ਅਕਤੂਬਰ 2025 ਤੋਂ ਲੈ ਕੇ 13 ਨਵੰਬਰ 2025 ਤੱਕ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਅਤੇ ਅਖੀਰ ਵਿਚ 13 ਨਵੰਬਰ ਨੂੰ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਦੋਸਾਂਝਾ ਵਾਲਾ ਆਪਣੇ ਗੀਤਾਂ ਦਾ ਜਾਦੂ ਬਿਖੇਰੇਗਾ।

ਆਪਣੇ ਇਨ੍ਹਾਂ ਸ਼ੋਅ ਬਾਰੇ ਜਾਣਕਾਰੀ ਦਿੰਦਿਆਂ ਗਾਇਕ ਦਿਲਜੀਤ ਨੇ ਕਿਹਾ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਸ਼ੰਸਕਾਂ ਨੇ ਮੇਰੇ ਪਿਛਲੇ ਦੌਰੇ ਵਿਚ ਜੋ ਊਰਜਾ ਲਿਆਂਦੀ ਸੀ, ਉਹ ਅਭੁੱਲ ਸੀ। ਮੇਰੇ ਪ੍ਰਸ਼ੰਸਕਾਂ ਦਾ ਪਿਆਰ ਹੀ ਕਾਰਨ ਹੈ ਕਿ ਮੈਂ ਸਿਡਨੀ ਅਤੇ ਮੈਲਬੌਰਨ ਵਿਚ ਸਟੇਡੀਅਮ ਸ਼ੋਅ ਲੈ ਕੇ ਵਾਪਸ ਆ ਰਿਹਾ ਹਾਂ, ਅਤੇ ਅਸੀਂ ਇਸ ਵਾਰ ਐਡੀਲੇਡ ਅਤੇ ਪਰਥ ਨੂੰ ਸ਼ਾਮਿਲ ਕੀਤਾ ਹੈ ਤਾਂ ਜੋ ਮੈਂ ਹੋਰ ਵੀ ਲੋਕਾਂ ਨਾਲ ਜਸ਼ਨ ਮਨਾ ਸਕਾਂ। ਉਨ੍ਹਾਂ ਕਿਹਾ ਕਿ ਇਹ ਦੌਰਾ ਪ੍ਰਸ਼ੰਸਕਾਂ ਲਈ ਹੈ ਪਰ ਇਹ ਵਿਸ਼ਵ ਪੱਧਰ 'ਤੇ ਭਾਰਤੀ ਸੰਗੀਤ ਦਾ ਜਸ਼ਨ ਮਨਾਉਣ ਅਤੇ ਦੁਨੀਆ ਨਾਲ ਸਾਡੀ ਸੰਸਕ੍ਰਿਤੀ ਨੂੰ ਸਾਂਝਾ ਕਰਨ ਬਾਰੇ ਵੀ ਹੈ।
ਦੱਸ ਦੇਈਏ ਕਿ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਦੇ ਪਿਛਲੇ ਸਾਲ ਹੋਏ ਸ਼ੋਅ ਦੌਰਾਨ ਵੱਡੀ ਗਿਣਤੀ ਵਿਚ ਦਰਸ਼ਕ ਪਹੁੰਚੇ ਸਨ ਅਤੇ ਉਨ੍ਹਾਂ ਦੇ ਇਸ ਸਾਲ ਦੇ ਸ਼ੋਅ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਕਾਫ਼ੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਤੇ ਫੈਨ ਸ਼ੋਅਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।