ਆਸਟ੍ਰੇਲੀਆ ਦੇ ਵਿਕਟੋਰੀਆ 'ਚ ਡੁੱਬਣ ਕਾਰਨ ਚਾਰ ਭਾਰਤੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲੇ ਲੋਕ ਇਕ ਹੀ ਪਰਿਵਾਰ ਦੇ ਸਨ ਅਤੇ ਫਿਲਿਪ ਆਈਲੈਂਡ 'ਤੇ ਛੁੱਟੀਆਂ ਮਨਾਉਣ ਆਏ ਸਨ। ਆਸਟ੍ਰੇਲੀਆ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਮਰਨ ਵਾਲਿਆਂ 'ਚ ਤਿੰਨ ਲੋਕਾਂ ਦੀ ਉਮਰ 20 ਸਾਲ ਦੇ ਕਰੀਬ ਸੀ, ਜਦਕਿ ਇਕ ਔਰਤ ਦੀ ਉਮਰ 40 ਸਾਲ ਦੇ ਕਰੀਬ ਸੀ।
ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ 'ਐਕਸ' 'ਤੇ ਲਿਖਿਆ-
ਆਸਟ੍ਰੇਲੀਆ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ, ਵਿਕਟੋਰੀਆ ਦੇ ਫਿਲਿਪ ਆਈਲੈਂਡ 'ਚ ਡੁੱਬਣ ਨਾਲ ਚਾਰ ਭਾਰਤੀਆਂ ਦੀ ਮੌਤ ਹੋ ਗਈ ਹ , ਪੀੜਤ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ। ਅਸੀਂ ਪੀੜਤ ਪਰਿਵਾਰਾਂ ਦੇ ਸੰਪਰਕ ਵਿੱਚ ਹਾਂ ਅਤੇ ਹਰ ਲੋੜੀਂਦੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।
ਸੀਪੀਆਰ ਦੇ ਕੇ ਮੁੜ ਸੁਰਜੀਤ ਕਰਨ ਦੀ ਕੀਤੀ ਗਈ ਕੋਸ਼ਿਸ਼
ਇਹ ਘਟਨਾ 24 ਜਨਵਰੀ ਦੀ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਕਰੀਬ 3 ਵਜੇ ਫਿਲਿਪ ਟਾਪੂ 'ਤੇ ਲੋਕਾਂ ਦੇ ਡੁੱਬਣ ਦੀ ਸੂਚਨਾ ਮਿਲੀ। ਹਾਲਾਂਕਿ ਸੂਚਨਾ ਮਿਲਣ 'ਤੇ ਬਚਾਅ ਟੀਮ ਮੌਕੇ 'ਤੇ ਪਹੁੰਚੀ ਤਾਂ ਤਿੰਨ ਔਰਤਾਂ ਅਤੇ ਇਕ ਨੌਜਵਾਨ ਨੂੰ ਪਾਣੀ 'ਚੋਂ ਬਾਹਰ ਕੱਢ ਲਿਆ ਗਿਆ। ਇਸ ਤੋਂ ਬਾਅਦ ਸਾਰਿਆਂ ਨੂੰ ਸੀਪੀਆਰ ਦੇ ਕੇ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਤਿੰਨਾਂ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਸਮੁੰਦਰੀ ਗੁਫਾਵਾਂ ਲਈ ਮਸ਼ਹੂਰ ਹੈ ਫਿਲਿਪ ਟਾਪੂ
ਸਥਾਨਕ ਮੀਡੀਆ ਮੁਤਾਬਕ ਮ੍ਰਿਤਕਾਂ 'ਚੋਂ ਤਿੰਨ ਆਸਟ੍ਰੇਲੀਆ ਦੇ ਰਹਿਣ ਵਾਲੇ ਸਨ, ਜਦਕਿ 40 ਸਾਲਾ ਔਰਤ ਛੁੱਟੀਆਂ ਮਨਾਉਣ ਆਸਟ੍ਰੇਲੀਆ ਆਈ ਸੀ। ਵਿਕਟੋਰੀਆ ਦਾ ਫਿਲਿਪ ਟਾਪੂ ਆਪਣੇ ਗੁਫਾਵਾਂ ਵਾਲੇ ਬੀਚਾਂ ਲਈ ਮਸ਼ਹੂਰ ਹੈ। ਇੱਥੇ ਸਮੁੰਦਰ ਦੇ ਹੇਠਾਂ ਗੁਫਾਵਾਂ ਹਨ ਪਰ ਸਥਾਨਕ ਲੋਕ ਇਸ ਨੂੰ ਖ਼ਤਰਨਾਕ ਮੰਨਦੇ ਹਨ ਕਿਉਂਕਿ ਇੱਥੇ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਹਨ ਅਤੇ ਨਾ ਹੀ ਇੱਥੇ ਲਾਈਫਗਾਰਡ ਗਸ਼ਤ ਦਾ ਕੋਈ ਪ੍ਰਬੰਧ ਹੈ।