ਆਸਟ੍ਰੇਲੀਆ ਵਿਚ ਹਰਿਆਣਾ ਦੇ ਇਕ ਨੌਜਵਾਨ ਦੀ ਸਮੁੰਦਰ ਵਿਚ ਡੁੱਬਣ ਕਾਰਣ ਮੌਤ ਹੋ ਗਈ। ਸਾਹਿਲ ਕਰਨਾਲ ਦੇ ਪਿੰਡ ਕੈਮਲਾ ਦਾ ਰਹਿਣ ਵਾਲਾ ਸੀ, ਜਿਸ ਦੀ ਉਮਰ ਮਹਿਜ਼ 27 ਸਾਲ ਸੀ।
ਬੀਚ 'ਤੇ ਗਿਆ ਸੀ ਨਹਾਉਣ
ਸਾਹਿਲ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਵਿਕਟੋਰੀਆ ਬੀਚ 'ਤੇ ਦੋਸਤਾਂ ਨਾਲ 12 ਜਨਵਰੀ ਦੀ ਸ਼ਾਮ ਨੂੰ ਨਹਾਉਣ ਗਿਆ ਸੀ। ਸਾਹਿਲ ਜਦੋਂ ਬੀਚ 'ਤੇ ਨਹਾ ਰਿਹਾ ਸੀ ਤਾਂ ਉਸ ਦੀ ਐਨਕ ਪਾਣੀ ਵਿਚ ਡਿੱਗ ਗਈ ਅਤੇ ਉਹ ਐਨਕ ਚੁੱਕਣ ਲਈ ਅੱਗੇ ਨੂੰ ਗਿਆ ਤਾਂ ਇਕ ਤੇਜ਼ ਲਹਿਰ ਆਈ, ਜੋ ਸਾਹਿਲ ਨੂੰ ਸਮੁੰਦਰ ਦੀ ਡੂੰਘਾਈ ਵਿਚ ਲੈ ਗਈ।
ਦੋਸਤਾਂ ਨੇ ਕੀਤੀ ਬਚਾਉਣ ਦੀ ਕੋਸ਼ਿਸ਼
ਇਸ ਦੌਰਾਨ ਉਸ ਦੇ ਦੋਸਤਾਂ ਨੇ ਸਾਹਿਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਾਹਿਲ ਕਾਫੀ ਡੂੰਘੇ ਪਾਣੀ ਵਿਚ ਜਾ ਚੁੱਕਿਆ ਸੀ। ਦੋ ਆਸਟ੍ਰੇਲੀਅਨ ਨਾਗਰਿਕਾਂ ਨੇ ਵੀ ਬੀਚ 'ਤੇ ਸਾਹਿਲ ਨੂੰ ਬਚਾਉਣ ਦੀ ਜੱਦੋ-ਜਹਿਦ ਕੀਤੀ ਪਰ ਉਸ ਦਾ ਕੁਝ ਪਤਾ ਨਾ ਚਲ ਸਕਿਆ। ਪੁਲਸ ਨੇ ਵੀ ਹੈਲੀਕਾਪਟਰ ਰਾਹੀਂ ਬਚਾਅ ਕਾਰਜ ਚਲਾਇਆ ਪਰ ਹਨੇਰਾ ਹੋਣ ਕਾਰਨ ਉਸ ਨੂੰ ਲੱਭ ਨਹੀਂ ਸਕੇ।
ਲਾਸ਼ ਕਿਨਾਰੇ ਉਤੇ ਆ ਲੱਗੀ
ਰਿਪੋਰਟ ਮੁਤਾਬਕ ਰਾਤ ਕਰੀਬ 9 ਵਜੇ ਸਾਹਿਲ ਦੀ ਲਾਸ਼ ਕਿਨਾਰੇ ਤੱਕ ਪਹੁੰਚ ਗਈ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਸਾਹਿਲ ਦੇ ਦੋਸਤਾਂ ਤੋਂ ਉਸ ਦੀ ਪਛਾਣ ਕਰਵਾਈ ਗਈ। ਸਾਹਿਲ ਦੀ ਮੌਤ ਦੀ ਖਬਰ ਸੁਣ ਕੇ ਪਤਨੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
2020 ਵਿਚ ਹੋਇਆ ਸੀ ਵਿਆਹ
ਸਾਹਿਲ ਦਾ ਵਿਆਹ 2020 ਵਿੱਚ ਅੰਨੂ ਨਾਲ ਹੋਇਆ ਸੀ। ਦੋਵੇਂ ਮੈਲਬੌਰਨ ਵਿੱਚ ਇਕੱਠੇ ਰਹਿੰਦੇ ਸਨ। ਸਾਹਿਲ ਦੇ ਚਚੇਰੇ ਭਰਾ ਸੰਦੀਪ ਨੇ ਦੱਸਿਆ ਕਿ ਸਾਹਿਲ 2016 ਵਿਚ ਸਟੱਡੀ ਵੀਜ਼ੇ ’ਤੇ ਆਸਟਰੇਲੀਆ ਗਿਆ ਸੀ। ਉਹ ਮੈਲਬੌਰਨ ਵਿਚ ਇੱਕ ਫਰਨੀਚਰ ਕੰਪਨੀ ਵਿਚ ਕੰਮ ਕਰਦਾ ਸੀ ਅਤੇ ਦੋ ਸਾਲ ਪਹਿਲਾਂ ਹੀ ਪੀ.ਆਰ. ਮਿਲੀ ਸੀ। ਸਾਲ 2020 ਵਿਚ ਉਸ ਦਾ ਵਿਆਹ ਗੁਧਾ ਪਿੰਡ ਦੀ ਅੰਨੂ ਨਾਲ ਹੋਇਆ ਸੀ ਅਤੇ 2022 ਵਿਚ ਸਾਹਿਲ ਅਨੂੰ ਨੂੰ ਆਪਣੇ ਨਾਲ ਆਸਟ੍ਰੇਲੀਆ ਲੈ ਗਿਆ।
ਪੰਜ ਮਹੀਨੇ ਪਹਿਲਾਂ ਆਸਟ੍ਰੇਲੀਆ 'ਚ ਖਰੀਦਿਆ ਸੀ ਘਰ
ਸਾਹਿਲ ਨੇ ਕਰੀਬ ਪੰਜ ਮਹੀਨੇ ਪਹਿਲਾਂ ਹੀ ਆਸਟ੍ਰੇਲੀਆ 'ਚ ਆਪਣਾ ਘਰ ਖਰੀਦਿਆ ਸੀ। ਸਾਹਿਲ ਆਪਣੇ ਮਾਤਾ-ਪਿਤਾ ਨੂੰ ਵੀ ਆਸਟ੍ਰੇਲੀਆ ਲੈ ਆਇਆ ਸੀ। ਕਰੀਬ ਤਿੰਨ ਮਹੀਨੇ ਪਹਿਲਾਂ ਘਰ ਦਾ ਮੂਹਰਤ ਹੋਇਆ ਸੀ। ਮਾਤਾ-ਪਿਤਾ ਸ਼ੁਭਕਾਮਨਾਵਾਂ ਤੋਂ ਬਾਅਦ ਹੀ ਉਥੋਂ ਪਰਤ ਆਏ। ਸੰਦੀਪ ਨੇ ਦੱਸਿਆ ਕਿ ਸਾਹਿਲ ਦੀ ਲਾਸ਼ ਮੈਲਬੌਰਨ ਦੇ ਹੀ ਹਸਪਤਾਲ 'ਚ ਹੈ ਅਤੇ ਉਸ ਨੂੰ ਭਾਰਤ ਲਿਆਉਣ 'ਚ 7 ਤੋਂ 10 ਦਿਨ ਲੱਗ ਸਕਦੇ ਹਨ।