ਹਰਿਆਣਾ ਵਿਚ ਇਨਸਾਨ ਦੀ ਦਰਿੰਦਗੀ ਦੀ ਇਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ। ਦੱਸ ਦੇਈਏ ਕਿ ਪਾਣੀਪਤ ਵਿਚ ਅਡਿਆਣਾ ਪਿੰਡ 'ਚ ਬੇਜ਼ੁਬਾਨ ਜਾਨਵਰ 'ਤੇ ਜ਼ੁਲਮ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਦੋ ਕਿਸਾਨਾਂ ਨੇ ਖੇਤ ਵਿੱਚ ਵੜੇ ਸਾਨ੍ਹ ਨੂੰ ਟਰੈਕਟਰ ਪਿੱਛੇ ਬੰਨ੍ਹ ਕੇ ਬੁਰੀ ਤਰ੍ਹਾਂ ਘਸੀਟਿਆ, ਜਿਸ ਕਾਰਣ ਉਸ ਦੀ ਮੌਤ ਹੋ ਗਈ।
ਦੋਵਾਂ ਖਿਲਾਫ ਕੇਸ ਦਰਜ
ਮੁਲਜ਼ਮਾਂ ਨੇ ਸਾਨ੍ਹ ਨੂੰ ਉਦੋਂ ਤੱਕ ਘਸੀਟਿਆ ਜਦੋਂ ਤੱਕ ਬੇਜ਼ੁਬਾਨ ਦੀ ਜਾਨ ਨਹੀਂ ਨਿਕਲ ਗਈ। ਫਿਰ ਉਨ੍ਹਾਂ ਅਡਿਆਣਾ-ਆਲੂਪੁਰ ਰੋਡ ’ਤੇ ਖ਼ਾਲੀ ਪਈ ਜ਼ਮੀਨ ਵਿੱਚ ਸਾਨ੍ਹ ਨੂੰ ਦੱਬ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਦੋ ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਾਣੋ ਪੂਰਾ ਮਾਮਲਾ
ਥਾਣਾ ਮਟਲੌਦਾ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਵਾਸੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਪਿੰਡ ਵਿੱਚ ਇੱਕ ਸਾਨ੍ਹ ਰਹਿੰਦਾ ਸੀ, ਜਿਸ ਤੋਂ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਸੀ। ਜਦੋਂ ਉਸ ਨੂੰ ਭੁੱਖ ਲੱਗਦੀ ਤਾਂ ਉਹ ਖੇਤਾਂ ਵੱਲ ਚਲਾ ਜਾਂਦਾ ਸੀ। ਉਸ ਦਿਨ ਸਾਨ੍ਹ ਰਾਜਿੰਦਰ (ਪਿਤਾ ਸਵਰੂਪ ਸਿੰਘ) ਅਤੇ ਮੇਹਰ ਸਿੰਘ (ਪਿਤਾ ਪੂਰਨ) ਦੇ ਖੇਤਾਂ ਵਿੱਚ ਚਲਾ ਗਿਆ। ਇਸ ਤੋਂ ਗੁੱਸੇ 'ਚ ਆ ਕੇ ਦੋਵੇਂ ਕਿਸਾਨਾਂ ਨੇ ਸਾਨ੍ਹ ਦਾ ਪਿੱਛਾ ਕੀਤਾ ਤੇ ਜਦੋਂ ਸਾਨ੍ਹ ਪਿੰਡ ਵੱਲ ਭੱਜਿਆ ਤਾਂ ਦੋਵਾਂ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ ਅਤੇ ਟਰੈਕਟਰ ਦੇ ਪਿੱਛੇ ਬੰਨ੍ਹ ਕੇ ਗਲੀ ਵਿੱਚ ਘਸੀਟਣਾ ਸ਼ੁਰੂ ਕਰ ਦਿੱਤਾ। ਸਾਨ੍ਹ ਨੂੰ ਇੰਨੀ ਬੇਰਹਿਮੀ ਨਾਲ ਘਸੀਟਿਆ ਗਿਆ ਕਿ ਉਸ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਦੋਵਾਂ ਦੋਸ਼ੀਆਂ ਦੇ ਖ਼ਿਲਾਫ਼ ਕਰੂਲਟੀ ਟੂ ਐਨੀਮਲ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।