ਹਰਿਆਣਾ 'ਚ ਇਕ ਬੱਚੇ ਨੂੰ ਖੇਡਦੇ ਸਮੇਂ ਜ਼ਹਿਰੀਲੇ ਜਾਨਵਰ ਨੇ ਕੱਟ ਲਿਆ, ਜਿਸ ਕਾਰਣ ਬੱਚੇ ਦੀ ਮੌਤ ਹੋ ਗਈ। ਮਾਮਲਾ ਫਤਿਹਾਬਾਦ ਜ਼ਿਲੇ ਤੋਂ ਸਾਹਮਣੇ ਆਇਆ, ਜਿਥੇ ਸਾਢੇ ਚਾਰ ਸਾਲ ਦੇ ਬੱਚੇ ਨੂੰ ਘਰ ਦੇ ਬਾਹਰ ਖੇਡਦੇ ਹੋਏ ਜ਼ਹਿਰੀਲੇ ਜਾਨਵਰ ਦੇ ਕੱਟਣ ਕਾਰਣ ਉਸ ਦੀ ਜਾਨ ਚਲੀ ਗਈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਬੱਚੇ ਦਾ ਸਰੀਰ ਪਿਆ ਨੀਲਾ
ਮ੍ਰਿਤਕ ਬੱਚੇ ਨਾਂ ਗੌਰਵ ਸੀ। ਇਸ ਬਾਰੇ ਪਿੰਡ ਮਟਾਣਾ ਵਾਸੀ ਮਹਿੰਦਰ ਨੇ ਦੱਸਿਆ ਕਿ ਉਸ ਦਾ ਸਾਢੇ 4 ਸਾਲਾ ਪੁੱਤਰ ਗੌਰਵ ਰਾਤ ਨੂੰ ਘਰ ਦੇ ਨੇੜੇ ਹੀ ਖੇਡ ਰਿਹਾ ਸੀ। ਬੱਚੇ ਦੇ ਦਾਦਾ ਵੀ ਮੌਜੂਦ ਸਨ। ਖੇਡਦੇ ਹੋਏ ਗੌਰਵ ਅਚਾਨਕ ਰੋਣ ਲੱਗ ਪਿਆ। ਪੁੱਛਣ 'ਤੇ ਉਸ ਨੇ ਦੱਸਿਆ ਕਿ ਉਸ ਦੀ ਲੱਤ ਉਤੇ ਕਿਸੇ ਚੀਜ਼ ਨੇ ਕੱਟ ਲਿਆ ਹੈ। ਜਦੋਂ ਮੈਂ ਉਸ ਦੀ ਲੱਤ ਵੱਲ ਦੇਖਿਆ ਤਾਂ ਉਸ 'ਤੇ ਜ਼ਖ਼ਮ ਸੀ ਅਤੇ ਉਸ ਦਾ ਸਰੀਰ ਤੇਜ਼ੀ ਨਾਲ ਨੀਲਾ ਹੋਣ ਲੱਗਾ।
ਪਰਿਵਾਰ ਵਾਲੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਫਤਿਹਾਬਾਦ ਲੈ ਕੇ ਆਏ ਪਰ ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 20 ਮਿੰਟ ਦੇ ਅੰਦਰ ਹੀ ਬੱਚੇ ਦੀ ਮੌਤ ਹੋ ਗਈ।
ਕੀ ਕਹਿਣੈ ਪਰਿਵਾਰ ਦਾ
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜ਼ਖ਼ਮ ਸੱਪ ਦੇ ਡੰਗਣ ਵਰਗਾ ਨਹੀਂ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੂੰ ਕਿਸੇ ਜਾਨਵਰ ਨੇ ਕੱਟਿਆ ਹੈ ਜਾਂ ਨਹੀਂ। ਇਸ ਘਟਨਾ ਤੋਂ ਬਾਅਦ ਪਿੰਡ 'ਚ ਸੋਗ ਦੀ ਲਹਿਰ ਹੈ ਕਿਉਂਕਿ ਕੁਝ ਮਹੀਨੇ ਪਹਿਲਾਂ ਪਤੰਗ ਉਡਾਉਂਦੇ ਸਮੇਂ ਪਿੰਡ ਦੇ ਜਲ ਘਰ ਦੇ ਟਰੰਕ 'ਚ ਇਕ ਬੱਚਾ ਡੁੱਬ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।