ਖਬਰਿਸਤਾਨ ਨੈੱਟਵਰਕ- ਸਕੂਲ ਵਿਦਿਆਰਥੀਆਂ ਨੇ ਸਕੂਲ ਪ੍ਰਿੰਸੀਪਲ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਹਰਿਆਣਾ ਦੇ ਹਿਸਾਰ ਦੇ ਬਾਸ ਬਾਦਸ਼ਾਹਪੁਰ ਪਿੰਡ ਤੋਂ ਸਾਹਮਣੇ ਆਈ, ਜਿਥੇ ਕਰਤਾਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੀਰਵਾਰ ਨੂੰ ਸਕੂਲ ਦੇ ਪ੍ਰਿੰਸੀਪਲ ਜਗਬੀਰ ਸਿੰਘ ਦਾ 2 ਵਿਦਿਆਰਥੀਆਂ ਨੇ ਕਥਿਤ ਤੌਰ 'ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ।
ਪ੍ਰਿੰਸੀਪਲ ਦੀ ਮੌਕੇ ਉਤੇ ਹੀ ਹੋਈ ਮੌਤ
ਜਾਣਕਾਰੀ ਅਨੁਸਾਰ ਕਰਤਾਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੀਰਵਾਰ ਸਵੇਰੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਦੋ ਵਿਦਿਆਰਥੀਆਂ ਨੇ ਪ੍ਰਿੰਸੀਪਲ ਜਗਬੀਰ ਸਿੰਘ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਮਲੇ ਵਿੱਚ ਜਗਬੀਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਦੋਵੇਂ ਵਿਦਿਆਰਥੀ ਨਾਬਾਲਗ
ਹਾਂਸੀ ਦੇ ਐਸਪੀ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪ੍ਰਿੰਸੀਪਲ ਜਗਬੀਰ ਸਿੰਘ ਨੇ ਦੋਵਾਂ ਵਿਦਿਆਰਥੀਆਂ ਨੂੰ ਕੱਟੇ ਹੋਏ ਵਾਲਾਂ ਨਾਲ ਨਾ ਆਉਣ ਅਤੇ ਸਕੂਲ ਵਿੱਚ ਅਨੁਸ਼ਾਸਨ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਸੀ। ਇਸ ਤੋਂ ਨਾਰਾਜ਼ ਹੋ ਕੇ ਦੋਵੇਂ ਨਾਬਾਲਗ ਵਿਦਿਆਰਥੀਆਂ ਨੇ ਪ੍ਰਿੰਸੀਪਲ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਦੋਵੇਂ ਦੋਸ਼ੀ ਵਿਦਿਆਰਥੀ ਨਾਬਾਲਗ ਹਨ ਅਤੇ ਉਨ੍ਹਾਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
ਗੁਰੂ ਪੁਰਨਿਮਾ ਵਾਲੇ ਦਿਨ ਹੀ ਗੁਰੂ ਦਾ ਕਤਲ
ਪੁਲਸ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀ ਹੈ। ਕਤਲ ਦੇ ਸਹੀ ਕਾਰਨਾਂ ਅਤੇ ਹਾਲਾਤਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਵੇਗਾ। ਜ਼ਿਕਰਯੋਗ ਹੈ ਕਿ ਅੱਜ ਗੁਰੂ ਪੁਰਨਿਮਾ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਅਧਿਆਪਕ ਵੀ ਸਿੱਖਿਆ ਦੇਣ ਵਾਲਾ ਇਕ ਗੁਰੂ ਹੁੰਦਾ ਹੈ ਪਰ ਕਲਯੁਗ ਵਿਚ ਵਿਦਿਆਰਥੀਆਂ ਵਲੋਂ ਆਪਣੇ ਹੀ ਗੁਰੂ ਦਾ ਕਤਲ ਕਰ ਦੇਣਾ ਬਹੁਤ ਹੀ ਨਿੰਦਣਯੋਗ ਹੈ।