ਹਰਿਆਣਾ ਦੇ ਅੰਬਾਲਾ ਤੋਂ ਰੂਹ ਨੂੰ ਕੰਬਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਸਾਬਕਾ ਫੌਜੀ ਨੇ ਆਪਣੇ ਭਰਾ ਦਾ ਸਾਰਾ ਪਰਿਵਾਰ ਹੀ ਖਤਮ ਕਰ ਦਿੱਤਾ। ਇਹ ਵਾਰਦਾਤ ਨਾਰਾਇਣਗੜ੍ਹ ਵਿਖੇ ਪੀਰ ਮਾਜਰੀ ਪਿੰਡ ਵਿਚ ਬੀਤੀ ਦੇਰ ਰਾਤ ਵਾਪਰੀ। ਜਾਣਕਾਰੀ ਅਨੁਸਾਰ ਜ਼ਮੀਨੀ ਝਗੜੇ ਨੂੰ ਲੈ ਕੇ ਇਕ ਸਾਬਕਾ ਫ਼ੌਜੀ ਨੇ ਆਪਣੀ ਮਾਂ, ਭਰਾ, ਭਰਜਾਈ ਅਤੇ ਉਨ੍ਹਾਂ ਦੇ ਦੋ ਬੱਚਿਆਂ ਦਾ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਇਸ ਦਾ ਦੋਸ਼ੀ ਦੇ ਪਿਤਾ ਨੇ ਵਿਰੋਧ ਕੀਤਾ ਤਾਂ ਉਸ ਦੀ ਵੀ ਮਾਰ-ਕੁੱਟ ਕੀਤੀ।
ਦੋਸ਼ੀ ਮੌਕੇ ਤੋਂ ਫਰਾਰ
ਇਸ ਖੂਨੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ’ਤੋਂ ਫ਼ਰਾਰ ਹੋ ਗਿਆ। ਸੂਚਨਾ ਮਿਲਣ ’ਤੇ ਪੁਲਸ ਨੇ ਅੱਧ-ਸੜੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਦੀ ਗ੍ਰਿਫਤਾਰੀ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ।
6 ਮਹੀਨੇ ਦੇ ਮਾਸੂਮ ਨੂੰ ਵੀ ਨਹੀਂ ਬਖਸ਼ਿਆ
ਮਰਨ ਵਾਲਿਆਂ ਵਿਚ ਦੋਸ਼ੀ ਦੀ ਮਾਂ, ਉਸ ਦਾ ਭਰਾ, ਭਰਾ ਦੀ ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਸ਼ਾਮਲ ਹਨ। ਇਨ੍ਹਾਂ ਦੀ ਪਛਾਣ ਹਰੀਸ਼ ਕੁਮਾਰ (35), ਉਸ ਦੀ ਪਤਨੀ ਸੋਨੀਆ (32), ਮਾਂ ਸਰੋਪੀ ਦੇਵੀ (65), ਹਰੀਸ਼ ਦੀ ਬੇਟੀ ਯਸ਼ਿਕਾ (5) ਅਤੇ 6 ਮਹੀਨੇ ਦੇ ਬੇਟੇ ਮਯੰਕ ਵਜੋਂ ਹੋਈ ਹੈ।
ਪਿਤਾ ਦੀ ਵੀ ਕੀਤੀ ਕੁੱਟ-ਮਾਰ
ਮੁਲਜ਼ਮ ਨੇ ਰਾਤ ਸਮੇਂ ਤੇਜ਼ਧਾਰ ਹਥਿਆਰਾਂ ਨਾਲ ਇਨ੍ਹਾਂ ਸਾਰਿਆਂ ਦਾ ਕਤਲ ਕਰ ਦਿੱਤਾ। ਇਸ ਦੌਰਾਨ ਜਦੋਂ ਮੁਲਜ਼ਮ ਦੇ ਪਿਤਾ ਓਮ ਪ੍ਰਕਾਸ਼ ਨੇ ਇਸ ਘਟਨਾ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਆਪਣੇ ਪਿਤਾ ਦੀ ਵੀ ਕੁੱਟ-ਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ। ਇਸ ਦੇ ਨਾਲ ਹੀ ਮੁਲਜ਼ਮ ਨੇ ਭਰਾ ਦੀ ਇੱਕ ਲੜਕੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਤੇ ਫ਼ਰਾਰ ਹੋ ਗਿਆ।
ਜ਼ਮੀਨੀ ਵਿਵਾਦ ਕਾਰਣ ਰੱਖਦਾ ਸੀ ਰੰਜਿਸ਼
ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਸੇਵਾਮੁਕਤ ਫੌਜੀ ਭੂਸ਼ਣ ਕੁਮਾਰ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰਾਤ ਸਮੇਂ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਵਾਰਦਾਤ ਪਿੱਛੇ ਦਾ ਕਾਰਨ ਦੋਵਾਂ ਭਰਾਵਾਂ ਵਿਚਾਲੇ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ।
ਇੱਕ ਸੇਵਾਮੁਕਤ ਫ਼ੌਜੀ ਦਾ ਆਪਣੇ ਭਰਾ ਨਾਲ 2 ਏਕੜ ਜ਼ਮੀਨ ਉਤੇ ਰਸਤੇ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕਾ ਸੀ। ਮੁਲਜ਼ਮ ਉਸ ਨਾਲ ਰੰਜਿਸ਼ ਰੱਖਦਾ ਸੀ।
ਧੀ ਗੰਭੀਰ ਹਾਲਤ ਵਿਚ ਚੰਡੀਗੜ੍ਹ ਪੀ.ਜੀ.ਆਈ. ਰੈਫਰ
ਸੂਚਨਾ ਮਿਲਣ ’ਤੇ ਅੰਬਾਲਾ ਦੇ ਐਸਪੀ ਸੁਰਿੰਦਰ ਕੁਮਾਰ ਨੇ ਰਾਤ ਕਰੀਬ 3 ਵਜੇ ਘਟਨਾ ਸਥਾਨ ਦਾ ਦੌਰਾ ਕੀਤਾ। ਉਹ ਅੱਧ ਸੜੀ ਹੋਈ ਲਾਸ਼ ਨੂੰ ਅੰਬਾਲਾ ਕੈਂਟ ਹਸਪਤਾਲ ਲੈ ਗਏ। ਮੁਲਜ਼ਮ ਦੇ ਜ਼ਖ਼ਮੀ ਪਿਤਾ ਓਮ ਪ੍ਰਕਾਸ਼ ਦਾ ਨਰਾਇਣਗੜ੍ਹ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਦੋਂਕਿ ਮ੍ਰਿਤਕ ਦੀ ਧੀ ਨੂੰ ਚੰਡੀਗੜ੍ਹ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ। ਹੁਣ ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।