ਅੰਮ੍ਰਿਤਸਰ ਸਥਿਤ SGPC ਦਫ਼ਤਰ ਵਿੱਚ ਬੀਤੇ ਦਿਨ 3 ਅਗਸਤ ਨੂੰ ਮੁਲਾਜ਼ਮ ਦਰਬਾਰਾ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਦੱਸ ਦੇਈਏ ਕਿ ਕਤਲ ਕਰਨ ਵਿਚ ਦੋਸ਼ੀ ਮੁਲਾਜ਼ਮ ਸੁਖਬੀਰ ਸਿੰਘ ਨੂੰ ਉਸ ਦੇ ਪੁੱਤਰਾਂ ਨੇ ਸਹਿਯੋਗ ਦਿੱਤਾ। ਪੁਲਸ ਨੇ ਸੁਖਬੀਰ ਸਿੰਘ ਤੇ ਉਸ ਦੇ ਪੁੱਤਰਾਂ ਅਰਸ਼ ਤੇ ਸਾਜਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਤਿੰਨੋਂ ਮੁਲਜ਼ਮ ਫਰਾਰ ਹਨ। ਜਿਨ੍ਹਾਂ ਨੂੰ ਫੜਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਧੀ ਨੂੰ ਭਜਾਉਣ ਦੇ ਸ਼ੱਕ 'ਚ ਕਤਲ
ਜਾਣਕਾਰੀ ਮੁਤਾਬਕ ਸੁਖਬੀਰ ਅਤੇ ਦਰਬਾਰਾ ਸਿੰਘ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਦੋਵਾਂ ਦੇ ਇੱਕ ਦੂਜੇ ਨਾਲ ਪਰਿਵਾਰਕ ਸਬੰਧ ਹਨ। ਸੁਖਬੀਰ ਦੀ ਧੀ ਕਿਸੇ ਨਾਲ ਘਰੋਂ ਭੱਜ ਗਈ ਸੀ ਤੇ ਸੁਖਬੀਰ ਮੰਨਦਾ ਸੀ ਕਿ ਉਸ ਦੇ ਭੱਜਣ ਵਿਚ ਦਰਬਾਰਾ ਸਿੰਘ ਦਾ ਹੱਥ ਸੀ, ਜਿਸ ਕਾਰਨ ਦੋਵਾਂ ਵਿਚਾਲੇ ਝਗੜਾ ਚੱਲ ਰਿਹਾ ਸੀ।
ਪੁੱਤਰਾਂ ਸਮੇਤ ਕਿਰਪਾਨ ਨਾਲ ਹਮਲਾ ਕੀਤਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਜਨਰਲ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸਵੇਰੇ ਵੀ ਦੋਵਾਂ ਵਿੱਚ ਝਗੜਾ ਹੋਇਆ ਸੀ। ਇਸ ਕਾਰਨ ਸੁਖਬੀਰ ਬਹੁਤ ਗੁੱਸੇ ਵਿਚ ਸੀ ਅਤੇ ਇਸ ਦਾ ਬਦਲਾ ਲੈਣ ਲਈ ਉਹ ਆਪਣੇ ਪੁੱਤਰਾਂ ਨਾਲ ਆਇਆ ਤੇ ਉਸ ਨੇ ਦਰਬਾਰਾ ਸਿੰਘ 'ਤੇ ਕਿਰਪਾਨ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ।
ਦਰਬਾਰਾ ਸਿੰਘ ਅਕਾਊਂਟ ਸ਼ਾਖਾ ਵਿੱਚ ਕੰਮ ਕਰਦਾ ਸੀ
ਇਹ ਘਟਨਾ ਸ੍ਰੀ ਹਰਿਮੰਦਰ ਸਾਹਿਬ ਦੇ ਲੇਖਾ ਵਿਭਾਗ ਵਿੱਚ ਦੁਪਹਿਰ ਕਰੀਬ 1.30 ਵਜੇ ਵਾਪਰੀ। ਦੁਪਹਿਰ ਬਾਅਦ ਦੋਵਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਸੁਖਬੀਰ ਸਿੰਘ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਵਿੱਚ ਕੰਮ ਕਰਦਾ ਸੀ ਅਤੇ ਦਰਬਾਰਾ ਸਿੰਘ ਅਕਾਊਂਟ ਸ਼ਾਖਾ ਵਿੱਚ ਕੰਮ ਕਰਦਾ ਸੀ। ਦੁਪਹਿਰ ਕਰੀਬ 1.30 ਵਜੇ ਸੁਖਬੀਰ ਆਪਣੇ ਪੁੱਤਰਾਂ ਨਾਲ ਉਥੇ ਆਇਆ ਤੇ ਦੋਵਾਂ ਵਿਚਕਾਰ ਤਕਰਾਰ ਹੋ ਗਈ।
ਛਾਤੀ 'ਤੇ 5 ਵਾਰ ਕੀਤੇ
ਪੁਲਸ ਨੇ ਦੱਸਿਆ ਕਿ ਦਰਬਾਰਾ ਦੀ ਛਾਤੀ ਵਿੱਚ ਵਾਰ ਕੀਤੇ ਗਏ ਸਨ। ਦਰਬਾਰਾ ਸਿੰਘ ਦੀ ਛਾਤੀ ਵਿਚ ਕਰੀਬ 5 ਵਾਰ ਤਲਵਾਰ ਨਾਲ ਵਾਰ ਕਰਨ ਕਾਰਨ ਉਹ ਉਥੇ ਹੀ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਸੁਖਬੀਰ ਆਪਣੇ ਦੋ ਪੁੱਤਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਦਰਬਾਰਾ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਉਥੇ ਮੌਤ ਹੋ ਗਈ।