ਝਾਰਖੰਡ ਵਿੱਚ ਸੋਮਵਾਰ ਸਵੇਰੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਸੰਜੀਵ ਲਾਲ ਦੇ ਘਰ ਛਾਪਾ ਮਾਰਿਆ, ਜਿੱਥੋਂ ਵੱਡੀ ਰਕਮ ਬਰਾਮਦ ਹੋਈ ਹੈ। ਈ ਡੀ ਦੇ ਛਾਪੇ ਵਿੱਚ ਮੰਤਰੀ ਆਲਮਗੀਰ ਆਲਮ ਦੇ ਪੀ ਏ ਸੰਜੀਵ ਦੇ ਨੌਕਰ ਜਹਾਂਗੀਰ ਆਲਮ ਦੇ ਘਰੋਂ 25 ਕਰੋੜ ਰੁਪਏ ਬਰਾਮਦ ਹੋਏ ਹਨ। ਜਾਣਕਾਰੀ ਮੁਤਾਬਕ ਨੌਕਰ ਜਹਾਂਗੀਰ ਆਲਮ ਨੇ ਈਡੀ ਦੀ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਪੈਸਾ ਮੰਤਰੀ ਦੇ ਪੀਏ ਸੰਜੀਵ ਲਾਲ ਦਾ ਹੈ। ਮਾਮਲੇ 'ਚ ਈਡੀ ਦੀ ਕਾਰਵਾਈ ਜਾਰੀ ਹੈ। ਈਡੀ ਨੇ ਮੌਕੇ 'ਤੇ ਨੋਟ ਗਿਣਨ ਲਈ ਕਈ ਮਸ਼ੀਨਾਂ ਵੀ ਮੰਗਵਾਈਆਂ ਹਨ। ਈਡੀ ਅਜੇ ਵੀ ਬਰਾਮਦ ਨਕਦੀ ਦੀ ਗਿਣਤੀ ਕਰ ਰਹੀ ਹੈ। ਨਾਲ ਹੀ ਈਡੀ ਦੀ ਟੀਮ ਰਾਂਚੀ 'ਚ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।
ਵਰਿੰਦਰ ਰਾਮ ਮਾਮਲੇ 'ਚ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਆਲਮ ਦੇ ਪੀ ਐੱਸ ਸੰਜੀਵ ਲਾਲ ਦੇ ਨੌਕਰ ਕੋਲੋਂ ਭਾਰੀ ਮਾਤਰਾ 'ਚ ਨਕਦੀ ਬਰਾਮਦ ਹੋਈ ਹੈ। ਦੱਸ ਦੇਈਏ ਕਿ ਈਡੀ ਨੇ ਫਰਵਰੀ 2023 ਵਿੱਚ ਝਾਰਖੰਡ ਪੇਂਡੂ ਵਿਕਾਸ ਵਿਭਾਗ ਦੇ ਮੁੱਖ ਇੰਜੀਨੀਅਰ ਵਰਿੰਦਰ ਰਾਮ ਨੂੰ ਕੁਝ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਇੱਕ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ।
ਈ ਡੀ ਨੇ ਕੁੱਲ 9 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ
ਈਡੀ ਦੀ ਟੀਮ ਰਾਂਚੀ ਦੇ ਸੇਲ ਸਿਟੀ ਸਮੇਤ ਕੁੱਲ 9 ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਈਡੀ ਦੀ ਟੀਮ ਸੇਲ ਸਿਟੀ ਵਿੱਚ ਸੜਕ ਨਿਰਮਾਣ ਵਿਭਾਗ ਦੇ ਇੰਜੀਨੀਅਰ ਵਿਕਾਸ ਕੁਮਾਰ ਦੇ ਠਿਕਾਣਿਆਂ ਦੀ ਭਾਲ ਕਰ ਰਹੀ ਹੈ। ਦੂਸਰੀ ਟੀਮ ਬਰਿਆਟੂ, ਮੁਰਹਾਬਾਦੀ ਅਤੇ ਬੋਦੀਆ ਖੇਤਰਾਂ ਵਿੱਚ ਛਾਪੇਮਾਰੀ ਕਰ ਰਹੀ ਹੈ। ਈਡੀ ਦੀ ਟੀਮ ਇਹ ਕਾਰਵਾਈ ਜੇਲ੍ਹ ਵਿੱਚ ਬੰਦ ਇੰਜੀਨੀਅਰ ਵਰਿੰਦਰ ਰਾਮ ਨਾਲ ਸਬੰਧਤ ਮਾਮਲੇ ਨੂੰ ਲੈ ਕੇ ਕਰ ਰਹੀ ਹੈ। ਜਾਣਕਾਰੀ ਮੁਤਾਬਕ ਕੁਝ ਸਿਆਸਤਦਾਨ ਅਤੇ ਅਧਿਕਾਰੀ ਅਜਿਹੇ ਹਨ, ਜਿਨ੍ਹਾਂ ਦੇ ਟਿਕਾਣਿਆਂ 'ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਿਛਲੇ ਸਾਲ ਵੀ ਝਾਰਖੰਡ ਵਿੱਚ ਈਡੀ ਦੀ ਛਾਪੇਮਾਰੀ ਹੋਈ ਸੀ
ਦੱਸ ਦੇਈਏ ਕਿ ਪਿਛਲੇ ਸਾਲ ਦਸੰਬਰ ਵਿੱਚ ਵੀ ਝਾਰਖੰਡ ਵਿੱਚ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਸੀ। ਇਨਕਮ ਟੈਕਸ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਕਾਰੋਬਾਰੀ ਧੀਰਜ ਸਾਹੂ ਦੇ ਟਿਕਾਣਿਆਂ ਤੋਂ 350 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਸੀ। ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਛਾਪੇਮਾਰੀ ਦੌਰਾਨ ਬਰਾਮਦ ਹੋਈ ਨਕਦੀ ਮੇਰੀ ਸ਼ਰਾਬ ਕੰਪਨੀਆਂ ਦੀ ਹੈ।