ਤਰਨਤਾਰਨ 'ਚ ਦੇਰ ਰਾਤ ਪੁਲਸ ਅਤੇ ਬਦਮਾਸ਼ ਵਿਚਾਲੇ ਮੁਕਾਬਲਾ ਹੋਇਆ। ਉਹ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਮੈਂਬਰ ਸੀ। ਜੋਧਬੀਰ ਸਿੰਘ ਫਿਰੌਤੀ ਮੰਗਣ ਦੇ ਮਾਮਲੇ ਵਿਚ ਪੁਲਸ ਨੂੰ ਲੋੜੀਂਦਾ ਸੀ। ਸੀਆਈਏ ਦੀ ਟੀਮ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਜੋਧਬੀਰ ਨੂੰ ਫੜ ਲਿਆ ਪਰ ਜੋਧਬੀਰ ਨੇ ਪੁਲਸ ਨੂੰ ਦੇਖ ਕੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਵਿੱਚ ਜੋਧਬੀਰ ਨੂੰ ਗੋਲੀ ਲੱਗੀ।
9 ਐਮਐਮ ਗਲਾਕ ਪਿਸਤੌਲ ਬਰਾਮਦ
ਜਾਣਕਾਰੀ ਅਨੁਸਾਰ ਜੋਧਬੀਰ ਸਿੰਘ ਨੂੰ ਤਰਨਤਾਰਨ ਦੇ ਕਸੂਰ ਨਾਲੇ ਨੇੜੇ ਦੇਖਿਆ ਗਿਆ। ਜਦੋਂ ਪੁਲਸ ਇੱਥੇ ਪੁੱਜੀ ਤਾਂ ਜੋਧਬੀਰ ਸਿੰਘ ਨੇ ਦੇਖਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਮੁਲਜ਼ਮ ਕੋਲੋਂ ਇੱਕ 9 ਐਮਐਮ ਗਲੌਕ ਪਿਸਤੌਲ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ। ਪੁਲਸ ਨੇ ਜੋਧਬੀਰ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੈ।
ਬੈਟਰੀ ਕਾਰੋਬਾਰੀ ਤੋਂ ਫਿਰੌਤੀ ਦੀ ਮੰਗ ਕੀਤੀ ਸੀ
ਐਸਐਸਪੀ ਤਰਨਤਾਰਨ ਅਭਿਮਨਿਊ ਰਾਣਾ ਨੇ ਦੱਸਿਆ ਕਿ ਜੋਧਬੀਰ ਸਿੰਘ ਜੇਲ੍ਹ ਵਿੱਚ ਬੰਦ ਅਪਰਾਧੀ ਹੈਪੀ ਬਾਬਾ ਵਾਸੀ ਅਲਾਦੀਨਪੁਰ ਲਈ ਕੰਮ ਕਰਦਾ ਹੈ। ਕੁਝ ਦਿਨ ਪਹਿਲਾਂ, ਇੱਕ ਬੈਟਰੀ ਕਾਰੋਬਾਰੀ ਨੂੰ ਫਿਰੌਤੀ ਦੀ ਕਾਲ ਆਈ ਸੀ ਅਤੇ ਬਦਮਾਸ਼ਾਂ ਨੇ ਉਸਨੂੰ ਡਰਾਉਣ ਲਈ ਉਸ ਦੇ ਘਰ ਦੇ ਬਾਹਰ ਗੋਲੀਆਂ ਵੀ ਚਲਾ ਦਿੱਤੀਆਂ ਸਨ। ਇਸ ਘਟਨਾ ਵਿੱਚ ਜੋਧਬੀਰ ਸਿੰਘ ਵੀ ਸ਼ਾਮਲ ਸੀ।
ਦੋ ਗੋਲੀਆਂ ਸਰਕਾਰੀ ਗੱਡੀ ਨੂੰ ਵੀ ਲੱਗੀਆਂ
ਜਾਣਕਾਰੀ ਅਨੁਸਾਰ ਦੇਰ ਰਾਤ ਥਾਣਾ ਸਿਟੀ ਅਤੇ ਤਰਨਤਾਰਨ ਸੀਆਈਏ ਸਟਾਫ਼ ਦੀ ਛਾਪੇਮਾਰੀ ਕਰਨ ਗਈ ਟੀਮ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਦੋ ਗੋਲੀਆਂ ਸਰਕਾਰੀ ਗੱਡੀ ਨੂੰ ਲੱਗੀਆਂ। ਜਵਾਬੀ ਕਾਰਵਾਈ ਵਿੱਚ ਜੋਧਾ ਵਾਸੀ ਅਲਾਦੀਨਪੁਰ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਨੂੰ ਇਲਾਜ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਉਹ ਜੇਲ 'ਚ ਬੰਦ ਹੈਪੀ ਬਾਬਾ ਦੇ ਕਹਿਣ 'ਤੇ ਫਿਰੌਤੀ ਦੀ ਮੰਗ ਕਰਦਾ ਸੀ।