ਪੰਜਾਬੀ ਗਾਇਕ ਰਵਿੰਦਰ ਦੀਵਾਨਾ ਦਾ ਅੱਜ ਦਿਹਾਂਤ ਹੋ ਗਿਆ, ਜਿਸ ਕਾਰਨ ਅੱਜ ਸਵੇਰ ਤੋਂ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ। ਰਵਿੰਦਰ ਦਾ ਨਾਂ ਚੋਟੀ ਦੇ ਗਾਇਕਾਂ ਵਿੱਚ ਸ਼ਾਮਲ ਸੀ।
ਦੱਸ ਦੇਈਏ ਕਿ ਰਵਿੰਦਰ ਦੀਵਾਨਾ ਲੋਕ ਸੰਪਰਕ ਵਿਭਾਗ ਦੇ ਸੇਵਾਮੁਕਤ ਇੰਸਪੈਕਟਰ ਵੀ ਸਨ। ਉਨ੍ਹਾਂ ਦੀ ਆਵਾਜ਼ ਵਿੱਚ ਸੋਲੋ ਅਤੇ ਡਿਊਟ ਗੀਤ ਵੀ ਕਈ ਨਾਮੀ ਕੰਪਨੀਆਂ ਵਿੱਚ ਰਿਕਾਰਡ ਕੀਤੇ ਗਏ ਜੋ ਕਾਫੀ ਮਸ਼ਹੂਰ ਹੋਏ।
ਜਾਣਕਾਰੀ ਅਨੁਸਾਰ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਉਨ੍ਹਾਂ ਦੇ ਜੱਦੀ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਕੀਤਾ ਜਾਵੇਗਾ।
ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚੇ ਗਾਇਕ ਅਮਰਜੀਤ ਸਿੰਘ ਸ਼ੇਰਪੁਰੀ ਨੇ ਕਿਹਾ ਕਿ ਰਵਿੰਦਰ ਦੀਵਾਨਾ ਬਹੁਤ ਹਰਮਨ ਪਿਆਰੇ ਸਨ ਅਤੇ ਹਰ ਕਿਸੇ ਨਾਲ ਚੰਗਾ ਵਿਹਾਰ ਕਰਦੇ ਸਨ। ਉਨ੍ਹਾਂ ਨੇ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ-ਪ੍ਰਸਾਰ ਵਿਚ ਵੀ ਡੂੰਘਾ ਯੋਗਦਾਨ ਪਾਇਆ। ਉਨ੍ਹਾਂ ਦੇ ਅਚਾਨਕ ਚਲੇ ਜਾਣ ਦੀ ਖਬਰ ਨੇ ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ।