ਖ਼ਬਰਿਸਤਾਨ ਨੈੱਟਵਰਕ: ਪੰਜਾਬ 'ਚ ਮੌਸਮ ਵਿਭਾਗ ਨੇ 7 ਜ਼ਿਲ੍ਹਿਆਂ ਲਈ ਫਲੈਸ਼ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਤਰਨਤਾਰਨ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਦੁਪਹਿਰ 12 ਵਜੇ ਤੱਕ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਲੋੜ ਪੈਣ 'ਤੇ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਹੈ।
ਸੂਬੇ 'ਚ ਮੌਸਮ ਲੁਕਣ-ਮੀਟੀ ਖੇਡ ਰਿਹਾ ਹੈ। ਬੀਤੇ ਦਿਨੀਂ ਕਈ ਇਲਾਕਿਆਂ 'ਚ ਧੁੱਪ ਨਿਕਲੀ ਹੋਈ ਸੀ। ਜਦ ਕਿ ਕੱਲ੍ਹ ਤੋਂ ਹੀ ਸੂਬੇ ਦੇ ਲਈ ਇਲਾਕਿਆਂ 'ਚ ਮੀਂਹ ਪੈ ਰਿਹਾ ਹੈ। ਜਿਸ ਕਾਰਨ ਲੋਕਾਂ 'ਚ ਡਰ ਬਣਿਆ ਹੋਇਆ ਹੈ।
ਸੂਬੇ ਦੇ ਇਲਾਕੇ ਅਜੇ ਵੀ ਹੜ੍ਹ ਤੋਂ ਪ੍ਰਭਾਵਤ ਹਨ। ਲੁਧਿਆਣਾ ਵਿੱਚ ਸਤਲੁਜ 'ਤੇ ਬਣਿਆ ਡੈਮ ਅਜੇ ਵੀ ਖ਼ਤਰਾ ਬਣਿਆ ਹੋਇਆ ਹੈ, ਹਾਲਾਂਕਿ ਇਸ ਦੌਰਾਨ ਪ੍ਰਸ਼ਾਸਨ ਨੇ ਫਾਜ਼ਿਲਕਾ ਦੇ ਪਿੰਡਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਇੱਕ ਅਸਥਾਈ ਡੈਮ ਤਿਆਰ ਕੀਤਾ ਹੈ। ਇਸ ਰਾਹੀਂ ਸਤਲੁਜ ਦਾ ਹੋਰ ਪਾਣੀ ਹੁਣ ਪਾਕਿਸਤਾਨ ਵੱਲ ਮੋੜਿਆ ਜਾ ਰਿਹਾ ਹੈ, ਜਿਸ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਦੀ ਉਮੀਦ ਜਾਗ ਗਈ ਹੈ।
ਹੁਣ ਤੱਕ ਇੰਨੇ ਲੋਕਾਂ ਦੀ ਮੌਤ
ਹੁਣ ਤੱਕ 12 ਜ਼ਿਲ੍ਹਿਆਂ ਵਿੱਚ 46 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ (7), ਬਰਨਾਲਾ (5), ਬਠਿੰਡਾ (4), ਹੁਸ਼ਿਆਰਪੁਰ (7), ਲੁਧਿਆਣਾ (4), ਮਾਨਸਾ (3), ਪਠਾਨਕੋਟ (6), ਗੁਰਦਾਸਪੁਰ (2), ਐਸਏਐਸ ਨਗਰ (2), ਫਿਰੋਜ਼ਪੁਰ (1), ਫਾਜ਼ਿਲਕਾ (1), ਰੂਪਨਗਰ (1), ਪਟਿਆਲਾ (1) ਅਤੇ ਸੰਗਰੂਰ (1) ਸ਼ਾਮਲ ਹਨ। ਪਠਾਨਕੋਟ ਜ਼ਿਲ੍ਹੇ ਤੋਂ 3 ਲੋਕ ਲਾਪਤਾ ਹਨ। ਇਸ ਦੇ ਨਾਲ ਹੀ, ਪਸ਼ੂਆਂ ਦੇ ਨੁਕਸਾਨ ਦਾ ਸਹੀ ਅੰਕੜਾ ਅਜੇ ਪਤਾ ਨਹੀਂ ਹੈ, ਪਰ ਹੜ੍ਹਾਂ ਨਾਲ ਵੱਡੀ ਗਿਣਤੀ ਵਿੱਚ ਜਾਨਵਰ ਪ੍ਰਭਾਵਿਤ ਹੋਏ ਹਨ।