ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ 'ਤੇ ਕਿਸਾਨੀ ਧਰਨੇ ਨੂੰ ਦੋ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ,ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਾ ਕੇ ਬੈਠੇ ਹੋਏ ਹਨ। ਅੱਜ ਕਿਸਾਨਾਂ ਨੇ ਸ਼ੰਭੂ ਰੇਲਵੇ ਸਟੇਸ਼ਨ 'ਤੇ ਰੇਲਵੇ ਟਰੈਕ ਜਾਮ ਕਰ ਦਿੱਤਾ ਹੈ। ਇਸ ਦੌਰਾਨ ਕਿਸਾਨਾਂ ਅਤੇ ਪੁਲਸ ਵਿਚਾਲੇ ਧੱਕਾ-ਮੁੱਕੀ ਵੀ ਹੋਈ ਪਰ ਕਿਸਾਨ ਬੈਰੀਕੇਡ ਤੋੜ ਕੇ ਰੇਲਵੇ ਟਰੈਕ ’ਤੇ ਬੈਠ ਗਏ।
ਨਵਦੀਪ ਸਮੇਤ 3 ਕਿਸਾਨਾਂ ਦੀ ਰਿਹਾਈ ਦੀ ਮੰਗ
ਸਰਕਾਰ ਨੇ ਕਿਸਾਨਾਂ ਨੂੰ ਰਿਹਾਅ ਕਰਨ ਲਈ 16 ਅਪ੍ਰੈਲ ਤੱਕ ਦਾ ਸਮਾਂ ਲਿਆ ਸੀ। ਕਿਸਾਨ ਸਰਕਾਰ ਤੋਂ ਨੌਜਵਾਨ ਆਗੂ ਨਵਦੀਪ ਸਿੰਘ ਜਲਬੇੜਾ ਸਮੇਤ 3 ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਹਨ, ਜਿਸ ਸਬੰਧੀ ਕਿਸਾਨਾਂ ਤੇ ਹਰਿਆਣਾ ਅਤੇ ਪੰਜਾਬ ਸਰਕਾਰਾਂ ਵਿਚਾਲੇ ਮੀਟਿੰਗ ਹੋਈ। ਜਦੋਂ ਸਰਕਾਰ ਨੇ ਉਨ੍ਹਾਂ ਨੂੰ ਰਿਹਾਅ ਨਾ ਕੀਤਾ ਤਾਂ ਉਹ ਟਰੈਕ 'ਤੇ ਉਤਰ ਆਏ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਨੇ ਭਰੋਸਾ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ। ਸਾਡਾ ਕਿਸਾਨ ਮਿੱਤਰ ਜੇਲ੍ਹ ਵਿੱਚ ਮਰਨਵਰਤ 'ਤੇ ਹੈ। ਅਸੀਂ ਉਦੋਂ ਤੱਕ ਟ੍ਰੈਕ ਖਾਲੀ ਨਹੀਂ ਕਰਾਂਗੇ ਜਦੋਂ ਤੱਕ ਸਰਕਾਰ ਉਨ੍ਹਾਂ ਨੂੰ ਰਿਹਾਅ ਨਹੀਂ ਕਰਦੀ। ਜੇਕਰ ਸਰਕਾਰ ਹੁਣੇ ਕਿਸਾਨ ਸਾਥੀਆਂ ਨੂੰ ਰਿਹਾਅ ਕਰਦੀ ਹੈ ਤਾਂ ਅਸੀਂ 10 ਮਿੰਟਾਂ ਵਿੱਚ ਰੇਲਵੇ ਟਰੈਕ ਖਾਲੀ ਕਰ ਦੇਵਾਂਗੇ।
ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਰੇਲਗੱਡੀਆਂ ਨੂੰ ਰੋਕਣਾ ਨਹੀਂ ਚਾਹੁੰਦੇ ਪਰ ਸਾਨੂੰ ਅਜਿਹਾ ਕਰਨ ਲਈ ਮਜਬੂਰ ਕਰਨਾ ਸਰਕਾਰ ਦੀ ਨਾਕਾਮੀ ਹੈ। ਸਰਕਾਰ 16 ਅਪ੍ਰੈਲ ਤੱਕ ਰਿਹਾਈ ਦੇ ਵਾਅਦੇ ਤੋਂ ਮੁਕਰ ਗਈ ਹੈ। ਉਨ੍ਹਾਂ ਕਿਹਾ ਕਿ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ।