ਜਲੰਧਰ ਦਿਹਾਤੀ ਪੁਲਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਪਿਓ-ਪੁੱਤ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਬੰਦੂਕ ਦੀ ਨੋਕ 'ਤੇ ਲੁੱਟ-ਖੋਹ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਮੁਲਜ਼ਮਾਂ ਤੋਂ ਹਥਿਆਰ, ਗਹਿਣੇ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਇੰਚਾਰਜ ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਦੀ ਅਗਵਾਈ ਹੇਠ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅਪਰਾਧ ਸ਼ਾਖਾ ਦੀ ਟੀਮ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮੁਲਜ਼ਮਾਂ ਦੀ ਪਛਾਣ
ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਰਾਜ ਕੁਮਾਰ ਅਤੇ ਰਾਜਵੀਰ ਵਜੋਂ ਹੋਈ ਹੈ, ਜੋ ਕਿ ਸੈਦਪੁਰ ਝਿੜੀ, ਥਾਣਾ ਸ਼ਾਹਕੋਟ ਦੇ ਰਹਿਣ ਵਾਲੇ ਹਨ। ਪੁਲਸ ਨੇ ਦੱਸਿਆ ਕਿ ਮੁਲਜ਼ਮ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਸ਼ਾਹਕੋਟ ਅਤੇ ਨਕੋਦਰ ਇਲਾਕਿਆਂ ਵਿੱਚ ਬੰਦੂਕ ਦੀ ਨੋਕ 'ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ।
3 ਗੈਰ-ਕਾਨੂੰਨੀ ਪਿਸਤੌਲ, 25 ਕਾਰਤੂਸ ਤੇ 6 ਤੋਲੇ ਸੋਨਾ ਬਰਾਮਦ
ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 3 ਗੈਰ-ਕਾਨੂੰਨੀ ਪਿਸਤੌਲ, 25 ਕਾਰਤੂਸ, ਮੋਬਾਈਲ, ਸਮਾਰਟ ਵਾਚ ਅਤੇ 6 ਤੋਲੇ ਸੋਨਾ ਬਰਾਮਦ ਕੀਤਾ ਗਿਆ ਹੈ। ਫਿਲਹਾਲ, ਮੁਲਜ਼ਮਾਂ ਵਿਰੁੱਧ ਥਾਣਾ ਮਹਿਤਪੁਰ ਵਿਖੇ ਐਫਆਈਆਰ ਨੰਬਰ 13 ਧਾਰਾ 305(ਏ), 309(3) ਬੀਐਨਐਸ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25-54-59 ਤਹਿਤ ਕੇਸ ਦਰਜ ਕੀਤਾ ਗਿਆ ਹੈ।
10 ਤੋਂ 12 ਲੁੱਟਾਂ-ਖੋਹਾਂ ਨੂੰ ਦੇ ਚੁੱਕੇ ਅੰਜਾਮ
ਮੁਲਜ਼ਮਾਂ ਨੇ 10 ਤੋਂ 12 ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ, ਜਿਨ੍ਹਾਂ ਦਾ ਪਤਾ ਲਗਾ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਦਾ ਰਿਮਾਂਡ ਪ੍ਰਾਪਤ ਕੀਤਾ ਗਿਆ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਲੁੱਟ-ਖੋਹ ਦੀਆਂ ਹੋਰ ਘਟਨਾਵਾਂ ਦਾ ਖੁਲਾਸਾ ਹੋ ਸਕਦਾ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਦੇ ਸਾਥੀਆਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।