ਜਲੰਧਰ ਵਿੱਚ ਇੱਕ ਵਾਰ ਫਿਰ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲ ਪਈਆਂ। ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਰਾਤ ਪਿੰਡ ਨੰਦਨਪੁਰ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ। ਖੁਸ਼ਕਿਸਮਤੀ ਨਾਲ ਉਸ ਸਮੇਂ ਘਰ ਦੇ ਬਾਹਰ ਕੋਈ ਨਹੀਂ ਸੀ, ਇਸ ਲਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਮਲੇ ਤੋਂ ਬਾਅਦ ਪੀੜਤ ਨੇ ਮਕਸੂਦਾਂ ਥਾਣੇ ਦੀ ਪੁਲਸ ਨੂੰ ਸੂਚਿਤ ਕੀਤਾ।
ਰਿਸ਼ਤੇਦਾਰਾਂ ਵਿੱਚ ਚੱਲ ਰਿਹਾ ਜ਼ਮੀਨੀ ਵਿਵਾਦ
ਪੀੜਤ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਤਿੰਨ ਖੇਤਾਂ ਦੀ ਜ਼ਮੀਨ ਨੂੰ ਲੈ ਕੇ ਉਸ ਦੇ ਰਿਸ਼ਤੇਦਾਰਾਂ ਵਿੱਚ ਝਗੜਾ ਚੱਲ ਰਿਹਾ ਹੈ, ਜਿਸ ਲਈ ਉਸ ਨੇ 1 ਸਾਲ ਪਹਿਲਾਂ ਅਦਾਲਤ ਤੋਂ ਕੇਸ ਜਿੱਤ ਲਿਆ ਸੀ ਪਰ ਫਿਰ ਵੀ ਦੂਜੀ ਧਿਰ ਉਨ੍ਹਾਂ ਨੂੰ ਖੇਤ 'ਤੇ ਦੁਬਾਰਾ ਕਬਜ਼ਾ ਕਰਨ ਦੀ ਧਮਕੀ ਦਿੰਦੀ ਹੈ। ਬੁੱਧਵਾਰ ਰਾਤ ਹਮਲਾਵਰਾਂ ਨੇ ਘਰ ਦੇ ਬਾਹਰ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਸ ਦਿਨ ਉਹ ਆਪਣੇ ਕੁੱਤੇ ਨੂੰ ਸੈਰ ਕਰਵਾਉਣ ਲਈ ਕੁਝ ਮਿੰਟ ਪਹਿਲਾਂ ਹੀ ਘਰੋਂ ਬਾਹਰ ਨਿਕਲਿਆ ਸੀ , ਇਸ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਸੀਸੀਟੀਵੀ ਦੀ ਕੀਤੀ ਜਾ ਰਹੀ ਜਾਂਚ
ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਮਕਸੂਦਾਂ ਥਾਣੇ ਦੇ ਡੀਐਸਪੀ ਕਰਤਾਰਪੁਰ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਪੀੜਤ ਗੁਰਵਿੰਦਰ ਸਿੰਘ ਦੇ ਬਿਆਨ ਦਰਜ ਕਰ ਕੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਅਪਰਾਧ ਵਾਲੀ ਥਾਂ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਆਉਂਦੀ ਹੈ ਅਤੇ ਉਸ ਤੋਂ ਬਾਅਦ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਪੁਲਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।