ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ ਸੜਕ ਹਾਦਸੇ ਵਿੱਚ 5 ਨੌਜਵਾਨਾਂ ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ। ਜਦਕਿ ਟਰੱਕ ਡਰਾਈਵਰ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਟਰੱਕ ਨਾਲ ਟਕਰਾਉਣ ਤੋਂ ਬਾਅਦ ਕਾਰ 'ਚ ਜ਼ੋਰਦਾਰ ਧਮਾਕਾ ਹੋਇਆ ਤੇ ਕਾਰ ਨੂੰ ਅੱਗ ਲੱਗ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕਾਂ ਦੇ ਸਰੀਰ ਦੇ ਕਈ ਅੰਗ ਖਿੱਲਰੇ ਹੋਏ ਮਿਲੇ।
ਹਾਦਸੇ ਤੋਂ ਬਾਅਦ ਟਰੱਕ ਵੀ ਅਸੰਤੁਲਿਤ ਹੋ ਕੇ ਸੜਕ ਕਿਨਾਰੇ ਝਾੜੀਆਂ ਵਿੱਚ ਪਲਟ ਗਿਆ। ਜਿਸ ਕਾਰਨ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ। ਫਿਲਹਾਲ ਡਰਾਈਵਰ ਦਾ ਅੰਮ੍ਰਿਤਸਰ 'ਚ ਇਲਾਜ ਚੱਲ ਰਿਹਾ ਹੈ।
ਹਾਦਸੇ ਵਿੱਚ ਜਲੰਧਰ ਦੇ ਪੰਜ ਨੌਜਵਾਨਾਂ ਦੀ ਹੋਈ ਮੌਤ
ਇਸ ਦਰਦਨਾਕ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਹੈ। ਇਸ ਹਾਦਸੇ ਵਿੱਚ ਮਰਨ ਵਾਲੇ ਪੰਜ ਨੌਜਵਾਨ ਜਲੰਧਰ ਦੇ ਹਲਕਾ ਪੱਛਮੀ ਦੇ ਰਹਿਣ ਵਾਲੇ ਸਨ, ਜੋ ਪਠਾਨਕੋਟ ਤੋਂ ਵਾਪਸ ਜਲੰਧਰ ਆ ਰਹੇ ਸਨ। ਚਾਰ ਨੌਜਵਾਨ ਜਲੰਧਰ ਦੇ ਭਾਰਗੋ ਕੈਂਪ ਦੇ ਵਸਨੀਕ ਅਤੇ ਇੱਕ ਨੌਜਵਾਨ ਘਾਸ ਮੰਡੀ ਇਲਾਕੇ ਦਾ ਰਹਿਣ ਵਾਲਾ ਸੀ। ਮ੍ਰਿਤਕਾਂ ਦੀ ਪਛਾਣ ਰਿਸ਼ਭ ਮਿਨਹਾਸ, ਇੰਦਰਜੀਤ ਕੌਂਡਲ, ਰਾਜੂ, ਅਭੀ ਅਤੇ ਅੰਕਿਤ ਕੁਮਾਰ ਵਾਸੀ ਘਾਸ ਮੰਡੀ ਵਜੋਂ ਹੋਈ ਹੈ। ਇਹ ਪੰਜੇ ਬਚਪਨ ਤੋਂ ਹੀ ਦੋਸਤ ਸਨ ਅਤੇ RSS ਨਾਲ ਜੁੜੇ ਹੋਏ ਸਨ। ਪੁਲਿਸ ਨੇ ਉਨ੍ਹਾਂ ਦੀਆਂ ਲਾਸ਼ਾਂ ਅਤੇ ਨੁਕਸਾਨੇ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਚਸ਼ਮਦੀਦ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਕਾਰ ਵਿੱਚ ਮੁਕੇਰੀਆਂ ਤੋਂ ਦਸੂਹਾ ਵੱਲ ਆ ਰਿਹਾ ਸੀ। ਪਰ ਜਦੋਂ ਉਹ ਉਚੀ ਬੱਸੀ ਪਿੰਡ ਨੇੜੇ ਪਹੁੰਚਿਆ ਤਾਂ ਦੇਖਿਆ ਕਿ ਇਕ ਗੱਡੀ ਵਿਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਜਿਸ ਤੋਂ ਬਾਅਦ ਅਸੀਂ ਕਿਸੇ ਤਰ੍ਹਾਂ 4 ਲੋਕਾਂ ਨੂੰ ਬਾਹਰ ਕੱਢਿਆ, ਜਿਨ੍ਹਾਂ 'ਚੋਂ 2 ਲੋਕਾਂ ਦੀ ਮੌਤ ਹੋ ਚੁੱਕੀ ਸੀ, 3 ਦੇ ਸਾਹ ਚੱਲ ਰਹੇ ਸਨ। ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਦੀ ਵੀ ਮੌਤ ਹੋ ਗਈ।
500 ਮੀਟਰ ਦੂਰ ਜਾ ਕੇ ਪਲਟ ਗਿਆ ਟਰੱਕ
ਗੁਰਮੀਤ ਨੇ ਦੱਸਿਆ ਕਿ ਜਦੋਂ ਉਹ ਕਰੀਬ 500 ਮੀਟਰ ਦੂਰ ਪਹੁੰਚਿਆ ਤਾਂ ਅੱਗੇ ਝਾੜੀਆਂ ਵਿੱਚ ਇੱਕ ਟਰੱਕ ਪਲਟਿਆ ਹੋਇਆ ਮਿਲਿਆ। ਜਿਸ ਦਾ ਡਰਾਈਵਰ ਇਸ ਵਿੱਚ ਫਸ ਗਿਆ। ਜਿਸ ਤੋਂ ਬਾਅਦ ਉਸ ਨੂੰ ਵੀ ਕਿਸੇ ਤਰ੍ਹਾਂ ਬਾਹਰ ਕੱਢ ਕੇ ਦਸੂਹਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ। ਜਿਸ ਨੇ ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕਾਰ 'ਚ ਲੱਗੀ ਅੱਗ 'ਤੇ ਕਾਬੂ ਪਾਇਆ।
ਪਰਿਵਾਰਕ ਮੈਂਬਰ ਨੇ ਦੱਸਿਆ ਕਿ ਕੱਲ੍ਹ ਪੰਜ ਦੋਸਤ ਘਰੋਂ ਸੈਰ ਕਰਨ ਲਈ ਨਿਕਲੇ ਸਨ। ਉਨ੍ਹਾਂ ਨੂੰ ਸ਼ੁੱਕਰਵਾਰ ਰਾਤ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੀ ਹਾਦਸੇ 'ਚ ਮੌਤ ਹੋ ਗਈ ਹੈ। ਪੰਜ ਨੌਜਵਾਨਾਂ ਦੀ ਉਮਰ 22 ਤੋਂ 24 ਸਾਲ ਦੇ ਕਰੀਬ ਹੈ।ਹਾਦਸਾ ਇੰਨਾ ਭਿਆਨਕ ਸੀ ਕਿ ਹਾਦਸੇ ਦੌਰਾਨ ਕਾਰ ਫਟ ਗਈ।