ਖ਼ਬਰਿਸਤਾਨ ਨੈੱਟਵਰਕ - ਅੱਜ ਕੱਲ ਹਰ ਰੋਜ਼ ਬਾਰਿਸ਼ ਹੋ ਜਾਂਦੀ ਹੈ। ਜਿਸ ਕਰਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਉਨ੍ਹਾਂ ਦੀ ਸਿਹਤ ਤੇ ਵੀ ਇਸ ਦਾ ਮਾੜਾ ਅਸਰ ਪੈਂਦਾ ਹੈ। ਜਿਸ ਕਰਕੇ ਸਰੀਰਕ ਕਮਜ਼ੋਰੀ ਕਾਰਨ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਇਸ ਕਾਰਨ ਸਰੀਰ ਬਹੁਤ ਜਲਦੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਮੌਸਮ 'ਚ ਜ਼ੁਕਾਮ, ਸਰੀਰ 'ਚ ਦਰਦ, ਖੰਘ, ਜੋੜਾਂ ਦਾ ਦਰਦ, ਗਲੇ 'ਚ ਖਰਾਸ਼ ਅਤੇ ਸਿਰ ਦਰਦ ਆਦਿ ਵੀ ਹੋ ਜਾਂਦੇ ਹਨ। ਅਜਿਹੇ 'ਚ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਇਸ ਬੀਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ।
ਵਾਇਰਲ ਬੁਖਾਰ ਲਈ ਘਰੇਲੂ ਉਪਚਾਰ
ਤੁਲਸੀ (Basil): ਜੇਕਰ ਤੁਹਾਨੂੰ ਵਾਇਰਲ ਬੁਖਾਰ ਹੈ ਤਾਂ ਘਰ 'ਚ ਲਗਾਈ ਗਈ ਤੁਲਸੀ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਤੁਸੀਂ 7-8 ਤੁਲਸੀ ਦੇ ਪੱਤੇ ਅਤੇ 1 ਚਮਚ ਲੌਂਗ ਪਾਊਡਰ ਨੂੰ 1 ਲੀਟਰ ਪਾਣੀ ਵਿੱਚ ਉਬਾਲੋ। ਹੁਣ ਇਸ ਪਾਣੀ ਨੂੰ ਫਿਲਟਰ ਕਰੋ ਅਤੇ 2-2 ਘੰਟੇ ਬਾਅਦ ਅੱਧਾ ਕੱਪ ਪਾਣੀ ਪੀਓ। ਇਸ ਨਾਲ ਵਾਇਰਲ ਬੁਖਾਰ 'ਚ ਰਾਹਤ ਮਿਲੇਗੀ।
ਗਿਲੋਅ (Gillow) : ਆਯੁਰਵੇਦ ਵਿੱਚ ਗਿਲੋਅ ਨੂੰ ਇੱਕ ਪ੍ਰਭਾਵਸ਼ਾਲੀ ਦਵਾਈ ਮੰਨਿਆ ਜਾਂਦਾ ਹੈ। ਇਹ ਵਾਇਰਲ ਬੁਖਾਰ ਅਤੇ ਦਰਦ ਤੋਂ ਰਾਹਤ ਦੇਣ ਦਾ ਕੰਮ ਕਰਦਾ ਹੈ। ਇਸ ਦੇ ਲਈ ਤੁਸੀਂ ਗਿਲੋਅ ਦਾ ਕਾੜ੍ਹਾ ਬਣਾ ਸਕਦੇ ਹੋ। ਗਿਲੋਅ ਦੀਆਂ ਪੱਤੀਆਂ ਅਤੇ ਜੜ੍ਹਾਂ ਨੂੰ ਅੱਧਾ ਲੀਟਰ ਪਾਣੀ ਵਿੱਚ ਉਬਾਲੋ। ਜਦੋਂ ਇਹ ਥੋੜ੍ਹਾ ਠੰਢਾ ਹੋ ਜਾਵੇ ਤਾਂ ਇਸ ਪਾਣੀ ਨੂੰ 4 ਵਾਰ ਪੀਓ।
ਅਦਰਕ (Ginger) : ਅਦਰਕ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਬਰਸਾਤ ਦੇ ਮੌਸਮ ਵਿੱਚ ਤੁਹਾਨੂੰ ਅਦਰਕ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਅਦਰਕ ਵਾਇਰਲ ਬੁਖਾਰ 'ਚ ਵੀ ਰਾਹਤ ਦਿੰਦਾ ਹੈ ਅਤੇ ਸਰੀਰ ਦੇ ਦਰਦ 'ਚ ਵੀ ਫਾਇਦਾ ਦਿੰਦਾ ਹੈ। ਇਸ ਦੇ ਲਈ ਅਦਰਕ ਦਾ ਪੇਸਟ ਸ਼ਹਿਦ ਵਿੱਚ ਮਿਲਾ ਕੇ ਖਾਓ। ਇਹ ਜ਼ੁਕਾਮ ਅਤੇ ਫਲੂ ਨੂੰ ਵੀ ਠੀਕ ਕਰਦਾ ਹੈ।
ਮੇਥੀ (Fenugreek) : ਤੁਸੀਂ ਵਾਇਰਲ ਬੁਖਾਰ ਨੂੰ ਠੀਕ ਕਰਨ ਲਈ ਮੇਥੀ ਦੀ ਵਰਤੋਂ ਵੀ ਕਰ ਸਕਦੇ ਹੋ। ਮੇਥੀ ਦੇ ਬੀਜਾਂ ਨੂੰ ਰਾਤ ਭਰ ਲਈ ਪਾਣੀ ਵਿੱਚ ਭਿਓ ਦਿਓ। ਸਵੇਰੇ ਇਸ ਪਾਣੀ ਨੂੰ ਕੋਸਾ ਕਰ ਕੇ ਛਾਣ ਕੇ ਪੀਓ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।
ਦਾਲਚੀਨੀ (Cinnamon) : ਵਾਇਰਲ ਬੁਖਾਰ 'ਚ ਦਾਲਚੀਨੀ ਫਾਇਦੇਮੰਦ ਹੁੰਦੀ ਹੈ। ਇਸ ਦੇ ਸੇਵਨ ਨਾਲ ਗਲੇ ਦੀ ਖਰਾਸ਼, ਜ਼ੁਕਾਮ ਅਤੇ ਖਾਂਸੀ ਵਿਚ ਵੀ ਰਾਹਤ ਮਿਲਦੀ ਹੈ। ਇਸ ਦੇ ਲਈ 1 ਕੱਪ ਪਾਣੀ ਲਓ ਅਤੇ ਇਸ 'ਚ 1 ਚਮਚ ਦਾਲਚੀਨੀ ਪਾਊਡਰ ਅਤੇ 2 ਇਲਾਇਚੀ ਪਾਓ। ਇਸ ਨੂੰ ਲਗਭਗ 5 ਮਿੰਟ ਤਕ ਪਕਾਓ ਅਤੇ ਫਿਲਟਰ ਕਰੋ ਅਤੇ 2 ਵਾਰ ਪਾਣੀ ਪੀਓ।