ਖਬਰਿਸਤਾਨ ਨੈੱਟਵਰਕ- ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਦਿਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਪੁੱਤ ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸਾਂਝੀ ਕੀਤੀ। ਉਨ੍ਹਾਂ ਪੋਸਟ ਸਾਂਝੀ ਕਰ ਕਿਹਾ ਕਿ ਮਾਣਯੋਗ ਗੁਰੂ ਜੀ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਅੱਜ ਮੈਂ ਜ਼ੀਰੋ ਹੋ ਗਿਆ ਹਾਂ।
ਦਿੱਲੀ ਵਿਚ ਲਏ ਆਖਰੀ ਸਾਹ
ਸਰ ਗੰਗਾ ਰਾਮ ਹਸਪਤਾਲ ਅਨੁਸਾਰ ਸ਼ਿਬੂ ਸੋਰੇਨ ਨੂੰ ਅੱਜ ਸਵੇਰੇ 8:56 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਲੰਮੀ ਬੀਮਾਰੀ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਉਹ ਗੁਰਦੇ ਦੀ ਬੀਮਾਰੀ ਤੋਂ ਪੀੜਤ ਸਨ ਅਤੇ ਡੇਢ ਮਹੀਨਾ ਪਹਿਲਾਂ ਉਨ੍ਹਾਂ ਨੂੰ ਦੌਰਾ ਪਿਆ ਸੀ। ਉਹ ਪਿਛਲੇ ਇਕ ਮਹੀਨੇ ਤੋਂ ਲਾਈਫ ਸਪੋਰਟ ਸਿਸਟਮ ’ਤੇ ਸਨ।
ਉਨ੍ਹਾਂ 81 ਸਾਲ ਦੀ ਉਮਰ ਵਿਚ ਆਖ਼ਰੀ ਸਾਹ ਲਏ। ਉਹ ਯੂ.ਪੀ.ਏ. ਦੇ ਪਹਿਲੇ ਕਾਰਜਕਾਲ ਦੌਰਾਨ ਕੋਲਾ ਮੰਤਰੀ ਰਹੇ ਸਨ। ਹਾਲਾਂਕਿ, ਚਿਰੂਦੀਹ ਕਤਲ ਕੇਸ ਵਿਚ ਉਨ੍ਹਾਂ ਦਾ ਨਾਮ ਆਉਣ ਤੋਂ ਬਾਅਦ ਉਨ੍ਹਾਂ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ
ਸ਼ਿਬੂ ਸੋਰੇਨ ਬਾਰੇ ਜਾਣੋ
ਸ਼ਿਬੂ ਸੋਰੇਨ ਝਾਰਖੰਡ ਮੁਕਤੀ ਮੋਰਚਾ ਦੇ ਸੰਸਥਾਪਕ ਮੈਂਬਰ ਸਨ। ਉਨ੍ਹਾਂ ਨੇ ਹਮੇਸ਼ਾ ਆਦਿਵਾਸੀ ਲੋਕਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ। ਨਾਲ ਹੀ, ਝਾਰਖੰਡ ਦੇ ਲੋਕ ਉਨ੍ਹਾਂ ਨੂੰ ਪਿਆਰ ਨਾਲ 'ਗੁਰੂ ਜੀ' ਕਹਿੰਦੇ ਸਨ। ਸ਼ਿਬੂ ਸੋਰੇਨ ਨੇ ਝਾਰਖੰਡ ਨੂੰ ਇੱਕ ਵੱਖਰਾ ਰਾਜ ਬਣਾਉਣ ਲਈ ਵੀ ਮੁਹਿੰਮ ਚਲਾਈ। ਉਹ ਤਿੰਨ ਵਾਰ ਰਾਜ ਦੇ ਮੁੱਖ ਮੰਤਰੀ ਵੀ ਬਣੇ।
ਸ਼ਿਬੂ ਸੋਰੇਨ ਦੀ ਅਗਵਾਈ ਹੇਠ, ਜੇਐਮਐਮ ਨੇ ਆਦਿਵਾਸੀ ਖੇਤਰਾਂ ਵਿੱਚ ਸਮਾਜਿਕ ਅਤੇ ਰਾਜਨੀਤਿਕ ਜਾਗਰੂਕਤਾ ਫੈਲਾਉਣ ਦਾ ਕੰਮ ਕੀਤਾ। ਉਨ੍ਹਾਂ ਨੇ ਝਾਰਖੰਡ ਨੂੰ ਇੱਕ ਵੱਖਰੀ ਪਛਾਣ ਦੇਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ।