ਦੇਸ਼ ਦਾ ਮੋਸਟ ਵਾਂਟੇਡ ਗੋਲਡੀ ਬਰਾੜ ਅਜੇ ਜ਼ਿੰਦਾ ਹੈ, ਉਸ ਦਾ ਕਤਲ ਨਹੀਂ ਹੋਇਆ ਹੈ। ਜਿਸ ਗੋਲੀ ਕਾਂਡ ਨੂੰ ਲੈ ਕੇ ਗੋਲਡੀ ਬਰਾੜ ਦੇ ਕਤਲ ਦੀ ਖਬਰ ਆਈ ਸੀ, ਹੁਣ ਇਹ ਖੁਲਾਸਾ ਹੋਇਆ ਹੈ ਕਿ ਮਰਨ ਵਾਲਾ ਵਿਅਕਤੀ ਗੋਲਡੀ ਵਰਗਾ ਲੱਗਦਾ ਹੈ। ਗੋਲੀਬਾਰੀ ਤੋਂ ਬਾਅਦ ਇੱਕ ਪੰਜਾਬੀ ਨੇ ਮ੍ਰਿਤਕ ਵਿਅਕਤੀ ਨੂੰ ਦੇਖਿਆ ਅਤੇ ਖਬਰ ਫੈਲਾ ਦਿੱਤੀ ਕਿ ਗੋਲਡੀ ਬਰਾੜ ਦਾ ਕਤਲ ਹੋ ਗਿਆ ਹੈ।
ਇਹ ਖਬਰ ਸਭ ਤੋਂ ਪਹਿਲਾਂ ਸਥਾਨਕ ਵੈੱਬਸਾਈਟ ਫਾਕ੍ਸ 'ਤੇ ਚੱਲੀ ਸੀ, ਇਸ ਖਬਰ 'ਚ ਗੋਲਡੀ ਬਰਾੜ ਦਾ ਕੋਈ ਜ਼ਿਕਰ ਨਹੀਂ ਸੀ। ਭਾਰਤੀ ਮੀਡੀਆ ਨੇ ਇਸ ਨੂੰ ਗੋਲਡੀ ਬਰਾੜ ਨਾਲ ਜੋੜ ਕੇ ਉਸ ਦੇ ਕਤਲ ਦੀ ਖ਼ਬਰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੋਲਡੀ ਬਰਾੜ ਇਸ ਗੋਲੀਕਾਂਡ 'ਚ ਮਾਰਿਆ ਗਿਆ ਹੈ।
ਬਰਾੜ ਵਰਗਾ ਲਗਦਾ ਹੈ ਮਰਨ ਵਾਲਾ
ਕੈਲੀਫੋਰਨੀਆ ਦੇ ਫਰੈਜ਼ੋ ਦੀ ਪੁਲਸ ਮੁਤਾਬਕ ਅਮਰੀਕਾ ਦੇ ਫੇਅਰਮੌਂਟ ਅਤੇ ਹੋਲਟ ਐਵੇਨਿਊ 'ਚ ਮੰਗਲਵਾਰ ਸ਼ਾਮ ਨੂੰ ਅਫਰੀਕੀ ਲੋਕਾਂ ਦੇ ਦੋ ਗੁੱਟਾਂ ਵਿਚਾਲੇ ਲੜਾਈ ਹੋਈ। ਇਸ ਲੜਾਈ ਦੌਰਾਨ ਇੱਕ ਵਿਅਕਤੀ ਹੇਠਾਂ ਡਿੱਗ ਪਿਆ ਤੇ ਆਪਣੇ ਆਪ ਨੂੰ ਬਚਾਉਣ ਲਈ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਘਟਨਾ ਵਿੱਚ ਦੋ ਵਿਅਕਤੀਆਂ ਦੇ ਪੇਟ ਤੇ ਛਾਤੀ ਵਿੱਚ ਗੋਲੀਆਂ ਲੱਗੀਆਂ ਤੇ ਉਨ੍ਹਾਂ ਦੀ ਮੌਤ ਹੋ ਗਈ।
ਮਾਰੇ ਗਏ ਵਿਅਕਤੀਆਂ ਵਿੱਚੋਂ ਇੱਕ ਗੋਲਡੀ ਬਰਾੜ ਵਰਗਾ ਲੱਗ ਰਿਹਾ ਸੀ, ਇਸ ਲਈ ਉੱਥੋਂ ਲੰਘ ਰਹੇ ਇੱਕ ਪੰਜਾਬੀ ਨੇ ਕਿਹਾ ਕਿ ਗੋਲਡੀ ਬਰਾੜ ਦਾ ਕਤਲ ਹੋਇਆ ਹੈ। ਇੰਨਾ ਹੀ ਨਹੀਂ ਭਾਰਤੀ ਮੀਡੀਆ ਵਿੱਚ ਗੋਲਡੀ ਬਰਾੜ ਦੇ ਕਤਲ ਲਈ ਉਸ ਦੇ ਵਿਰੋਧੀ ਗੈਂਗ ਅਰਸ਼ ਡੱਲਾ ਤੇ ਲਖਬੀਰ ਲੰਡਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਸਥਾਨਕ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਰਨ ਵਾਲਾ ਵਿਅਕਤੀ ਗੋਲਡੀ ਬਰਾੜ ਨਹੀਂ ਸੀ।
ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ
ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਗੋਲਡੀ ਬਰਾੜ ਖਿਲਾਫ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਗੋਲਡੀ ਪਹਿਲਾਂ ਕੈਨੇਡਾ ਦੇ ਬਰੈਂਪਟਨ 'ਚ ਰਹਿ ਰਿਹਾ ਸੀ ਪਰ ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਜਾਣ ਤੋਂ ਬਾਅਦ ਉਹ ਅਮਰੀਕਾ 'ਚ ਲੁਕ ਕੇ ਰਹਿ ਰਿਹਾ ਹੈ। ਗੋਲਡੀ ਬਰਾੜ 'ਤੇ ਸ਼ਾਰਪ-ਸ਼ੂਟਰਾਂ ਦੀ ਸਪਲਾਈ ਤੇ ਸਰਹੱਦ ਪਾਰ ਤੋਂ ਗੋਲਾ ਬਾਰੂਦ ਤੇ ਵਿਸਫੋਟਕ ਸਮੱਗਰੀ ਦੀ ਤਸਕਰੀ ਕਰਨ ਤੇ ਕਤਲ ਕਰਨ ਲਈ ਸਾਰੀ ਸਮੱਗਰੀ ਸਪਲਾਈ ਕਰਨ ਦਾ ਦੋਸ਼ ਹੈ।
ਦੂਜੀ ਵਾਰ ਗੋਲਡੀ ਨਾਲ ਜੁੜੀ ਖਬਰ ਨਿਕਲੀ ਫਰਜ਼ੀ
ਇਸ ਤੋਂ ਪਹਿਲਾਂ ਵੀ ਦਸੰਬਰ 2022 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੋਲਡੀ ਬਰਾੜ ਦੀ ਅਮਰੀਕਾ 'ਚ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ ਸੀ। ਮਾਨ ਨੇ 2 ਦਸੰਬਰ ਨੂੰ ਅਹਿਮਦਾਬਾਦ, ਗੁਜਰਾਤ ਵਿੱਚ ਪੁਸ਼ਟੀ ਕੀਤੀ ਸੀ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਕਥਿਤ ਮਾਸਟਰਮਾਈਂਡ ਬਰਾੜ ਨੂੰ ਪੁਲਿਸ ਨੇ ਕੈਲੀਫੋਰਨੀਆ ਵਿੱਚ ਹਿਰਾਸਤ ਵਿੱਚ ਲਿਆ ਹੈ ਅਤੇ ਉਸਨੂੰ "ਯਕੀਨਨ ਭਾਰਤ ਲਿਆਂਦਾ ਜਾਵੇਗਾ"। ਮਾਨ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਬਰਾੜ 'ਬਹੁਤ ਜਲਦੀ' ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੋਵੇਗਾ। ਬਾਅਦ ਵਿੱਚ, ਇੱਕ YouTuber ਨੂੰ ਇੰਟਰਵਿਊ ਦਿੰਦੇ ਹੋਏ ਗੋਲਡੀ ਬਰਾੜ ਨੇ ਕਿਹਾ ਸੀ ਕਿ ਨਾ ਤਾਂ ਉਹ ਫੜਿਆ ਗਿਆ ਹੈ ਅਤੇ ਨਾ ਹੀ ਉਹ ਅਮਰੀਕਾ ਵਿੱਚ ਰਹਿ ਰਿਹਾ ਹੈ।