ਪੰਜਾਬ ਵਿੱਚ ਰੋਡਵੇਜ਼ ਮੁਲਾਜ਼ਮਾਂ ਨੇ ਇੱਕ ਵਾਰ ਫਿਰ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ। ਰੋਡਵੇਜ਼ ਮੁਲਾਜ਼ਮਾਂ ਨੇ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਕੱਚੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ 2 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਇਸ ਤੋਂ ਗੁੱਸੇ ਵਿੱਚ ਆ ਕੇ ਰੋਡਵੇਜ਼ ਦੇ ਦੋਵੇਂ ਗੇਟ ਬੰਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਹੁਣ ਤੀਜਾ ਮਹੀਨਾ ਸ਼ੁਰੂ ਹੋ ਗਿਆ ਹੈ।
ਸੈਲਰੀ ਨੂੰ ਲੈ ਕੇ ਕੀਤਾ ਚੱਕਾ ਜਾਮ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮੁਲਾਜ਼ਮ ਆਗੂ ਨੇ ਦੱਸਿਆ ਕਿ 18 ਡਿਪੂਆਂ ਵਿੱਚੋਂ ਕੁਝ ਡਿਪੂਆਂ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਮਿਲ ਚੁੱਕੀਆਂ ਹਨ ਪਰ ਬਾਕੀ ਡਿਪੂਆਂ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀਆਂ। ਜਿਸ ਕਾਰਨ ਵਰਕਰਾਂ ਨੇ ਦੋਵੇਂ ਗੇਟਾਂ ਅੱਗੇ ਬੱਸਾਂ ਰੱਖ ਕੇ ਧਰਨਾ ਦਿੱਤਾ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉੱਚ ਅਧਿਕਾਰੀਆਂ ਵੱਲੋਂ ਅਗਲੇ ਹੁਕਮ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਧਰਨਾ ਜਾਰੀ ਰਹੇਗਾ।
ਦੋ ਘੰਟੇ ਬੱਸ ਸਟੈਂਡ ਰਹੇਗਾ ਬੰਦ
ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਰਣਜੀਤ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਅਤੇ ਹੁਣ ਤੀਜਾ ਮਹੀਨਾ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਜਨਰਲ ਸਕੱਤਰ ਨੇ ਕਿਹਾ ਕਿ ਅੱਜ 20 ਫਰਵਰੀ ਹੈ, ਅਜੇ ਤੱਕ ਤਨਖਾਹ ਨਹੀਂ ਦਿੱਤੀ ਗਈ। ਜਿਸ ਕਾਰਨ ਅੱਜ 2 ਘੰਟੇ (3 ਵਜੇ ਤੋਂ 5 ਵਜੇ ਤੱਕ) ਸੜਕ ਜਾਮ ਕੀਤੀ ਜਾ ਰਹੀ ਹੈ।
ਭਲਕੇ ਮੁੜ ਲਗਾਇਆ ਜਾਵੇਗਾ ਧਰਨਾ
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਅੱਡੇ ਅਤੇ ਡਿਪੂ ਬੰਦ ਕਰ ਦਿੱਤੇ ਗਏ ਹਨ। ਜੇਕਰ ਅੱਜ ਵੀ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਤਨਖਾਹਾਂ ਨਾ ਜਮ੍ਹਾਂ ਕਰਵਾਈਆਂ ਗਈਆਂ ਤਾਂ ਭਲਕੇ ਮੁੜ ਹੜਤਾਲ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ 19 ਫਰਵਰੀ ਨੂੰ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਬੀਤੇ ਦਿਨ ਮੁਲਤਵੀ ਕਰ ਦਿੱਤਾ ਗਿਆ ਸੀ।