ਪੰਜਾਬ ਵਿੱਚ ਅੱਜ ਤੋਂ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਸਰਕਾਰੀ ਬੱਸਾਂ ਵਿੱਚ ਜਿੰਨੀਆਂ ਸੀਟਾਂ ਹੋਣਗੀਆਂ ਓਨੀਆਂ ਹੀ ਸਵਾਰੀਆਂ ਬਿਠਾਈਆਂ ਜਾਣਗੀਆਂ। ਭਾਵ 52 ਸਵਾਰੀਆਂ ਤੋਂ ਵੱਧ ਸਵਾਰੀਆਂ ਨਹੀਂ ਬਿਠਾਈਆਂ ਜਾਣਗੀਆਂ। ਅਜਿਹੇ 'ਚ ਬਾਕੀ ਯਾਤਰੀਆਂ ਨੂੰ ਕਿਸੇ ਹੋਰ ਬੱਸ ਦਾ ਇੰਤਜ਼ਾਰ ਕਰਨਾ ਪਵੇਗਾ। ਦਰਅਸਲ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਮੁਲਾਜ਼ਮ ਕੇਂਦਰ ਸਰਕਾਰ ਦੇ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਉਹ ਹਿੱਟ ਐਂਡ ਰਨ ਕਾਨੂੰਨ ਕਾਰਨ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ।
ਪਹਿਲਾਂ ਰੋਡਵੇਜ਼ ਮੁਲਾਜ਼ਮ 52 ਸਵਾਰੀਆਂ ਤੋਂ ਵੱਧ ਸਵਾਰੀਆਂ ਵੀ ਲੈ ਜਾਂਦੇ ਸਨ ਪਰ ਹੁਣ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਨਵਾਂ ਐਲਾਨ ਕੀਤਾ ਗਿਆ ਹੈ।
ਫਰਵਰੀ 'ਚ ਤਿੰਨ ਦਿਨਾਂ ਦੀ ਹੜਤਾਲ
ਇਸ ਰੋਸ ਧਰਨੇ ਵਿੱਚ ਡਿਪੂ ਪ੍ਰਧਾਨ ਸਤਨਾਮ ਸਿੰਘ, ਸ਼ਮਸ਼ੇਰ ਸਿੰਘ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ ਪ੍ਰਤੀ ਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਕਿਉਂਕਿ ਸਰਕਾਰ ਉਨ੍ਹਾਂ ਬਾਰੇ ਨਹੀਂ ਸੋਚ ਰਹੀ। ਇਸ ਦੇ ਨਾਲ ਹੀ ਉਨ੍ਹਾਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕਰਨ ਦਾ ਵੀ ਫੈਸਲਾ ਕੀਤਾ ਹੈ।
ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਫਰਵਰੀ ਤੋਂ ਮੁੱਖ ਦਫ਼ਤਰ ਵਿਖੇ ਧਰਨਾ ਦੇਣਗੇ ਅਤੇ ਮੁਲਾਜ਼ਮਾਂ ਨੂੰ ਲਾਮਬੰਦ ਕਰਦੇ ਹੋਏ 7 ਫਰਵਰੀ ਨੂੰ ਰੈਲੀ ਕੀਤੀ ਜਾਵੇਗੀ ਅਤੇ 13, 14 ਅਤੇ 15 ਫਰਵਰੀ ਨੂੰ 3 ਦਿਨ ਦੀ ਹੜਤਾਲ ਕੀਤੀ ਜਾਵੇਗੀ | .
ਇਹ ਫੈਸਲਾ ਅੱਜ ਤੋਂ ਲਾਗੂ
ਅੱਜ ਤੋਂ ਬੱਸਾਂ ਵਿੱਚ 52 ਸੀਟਾਂ ਦੇ ਹਿਸਾਬ ਨਾਲ ਸਵਾਰੀਆਂ ਨੂੰ ਬਿਠਾਇਆ ਜਾਵੇਗਾ। ਯੂਨੀਅਨ ਵੱਲੋਂ ਇਹ ਫੈਸਲਾ 23 ਜਨਵਰੀ 2024 ਤੋਂ ਲਾਗੂ ਕਰ ਦਿੱਤਾ ਗਿਆ। ਪੰਜਾਬ 'ਚ ਸਮੇਂ-ਸਮੇਂ 'ਤੇ ਸਰਕਾਰਾਂ ਬਦਲੀਆਂ, ਪਰ ਕਿਸੇ ਵੀ ਸਰਕਾਰ ਨੇ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ।