ਗੁਰਦਾਸਪੁਰ ਦੇ ਝੰਡੇ ਚੱਕ ਬਾਈਪਾਸ ਨੇੜੇ ਬਾਈਕ ਸਵਾਰ ਦੋ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਸਾਬਕਾ ਫੌਜੀ ਤੋਂ ਸਵਿਫਟ ਕਾਰ, ਮੋਬਾਈਲ ਅਤੇ 16 ਹਜ਼ਾਰ ਰੁਪਏ ਲੁੱਟ ਲਏ। ਇਸ ਤੋਂ ਬਾਅਦ ਲੁਟੇਰਿਆਂ ਨੇ ਸਾਬਕਾ ਫੌਜੀ ਨੂੰ ਜ਼ਖਮੀ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਰਾਹਗੀਰਾਂ ਨੇ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ।
ਘਰ ਪਰਤਦੇ ਸਮੇਂ ਹੋਇਆ ਹਥਿਆਰਾਂ ਨਾਲ ਹਮਲਾ
ਜਾਣਕਾਰੀ ਦਿੰਦੇ ਹੋਏ ਪੀੜਤ ਸਾਬਕਾ ਸੈਨਿਕ ਅਤੇ ਦੁਕਾਨਦਾਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਆਦਰਸ਼ ਕਾਲੋਨੀ, ਦੀਨਾਨਗਰ ਵਿਖੇ ਮਨਿਆਰੀ ਦੀ ਦੁਕਾਨ 'ਤੇ ਕੰਮ ਕਰਦਾ ਹੈ ਤੇ ਬੀਤੀ ਰਾਤ ਦੁਕਾਨ ਬੰਦ ਕਰਨ ਤੋਂ ਬਾਅਦ ਜਦੋਂ ਉਹ ਵਾਪਸ ਘਰ ਜਾ ਰਿਹਾ ਸੀ ਤਾਂ ਬਾਈਕ 'ਤੇ ਦੋ ਲੁਟੇਰੇ ਆਏ ਤੇ ਹਥਿਆਰਾਂ ਨਾਲ ਹਮਲਾ ਕਰ ਕੇ ਮੈਨੂੰ ਜ਼ਖਮੀ ਕਰ ਦਿੱਤਾ।
ਪੁਲਸ ਨੂੰ ਦਿੱਤੀ ਸੂਚਨਾ
ਉਸ ਨੇ ਦੱਸਿਆ ਕਿ ਮੈਂ ਵਿਰੋਧ ਕੀਤਾ ਤਾਂ ਬਾਅਦ ਵਿੱਚ ਉਨ੍ਹਾਂ ਨੇ ਪਿਸਤੌਲ ਕੱਢ ਕੇ ਮੇਰੀ ਸਵਿਫਟ ਕਾਰ, 16000 ਰੁਪਏ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਅਤੇ ਮੋਬਾਈਲ ਫੋਨ ਖੋਹ ਲਿਆ ਅਤੇ ਪਠਾਨਕੋਟ ਵੱਲ ਭੱਜ ਗਏ। ਇਸ ਸਬੰਧੀ ਥਾਣਾ ਦੀਨਾਨਗਰ ਦੀ ਪੁਲੀਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਕੀ ਕਹਿਣੈ ਹਸਪਤਾਲ ਦੇ ਡਾਕਟਰ ਦਾ
ਜਦੋਂ ਇਸ ਸਬੰਧੀ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ: ਚੇਤਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਵਰਿੰਦਰ ਕੁਮਾਰ ਨਾਂਅ ਦੇ ਵਿਅਕਤੀ ਦਾ ਮਾਮਲਾ ਆਇਆ ਹੈ ਜੋ ਲੁੱਟ ਦੌਰਾਨ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਦਾ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਇਸ ਸਬੰਧੀ ਅਸੀਂ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਹੈ।