ਕੈਨੇਡਾ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਗੁਰਦਾਸਪੁਰ ਦੀ ਰਹਿਣ ਵਾਲੀ ਲੜਕੀ ਦੀ ਮੌਤ ਹੋ ਗਈ। ਪਰਿਵਾਰ ਨੇ ਆਪਣੀ ਲੜਕੀ ਨੂੰ ਪਿਛਲੇ ਸਾਲ 1 ਸਤੰਬਰ ਨੂੰ ਕੈਨੇਡਾ ਭੇਜਿਆ ਸੀ। ਪਰਿਵਾਰ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਅਜਿਹੀ ਖਬਰ ਸੁਣਨ ਨੂੰ ਮਿਲੇਗੀ।ਲੜਕੀ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੀ, ਜਿਸ ਨੂੰ ਦੇਖ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਕੋਮਲ ਪਿੰਡ ਸੁੱਖਾ ਚਿੜਾ ਦੀ ਰਹਿਣ ਵਾਲੀ ਸੀ। ਪਰਿਵਾਰ ਨੇ ਬੇਟੀ ਦੇ ਭਵਿੱਖ ਲਈ ਪਿਛਲੇ ਸਾਲ ਇਸ ਨੂੰ ਭੇਜਿਆ ਸੀ। ਉੱਥੇ ਹੀ ਹਾਦਸੇ ਕਾਰਨ ਕੋਮਲ ਸਮੇਤ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਕੋਮਲ ਦੇ ਪਰਿਵਾਰ ਨੇ ਉਸ ਨੂੰ ਵਿਦੇਸ਼ ਭੇਜਿਆ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਤੇ ਅੱਜ ਖੁਸ਼ੀਆਂ ਗਮ ਵਿਚ ਬਦਲ ਗਈਆਂ।
ਇਸ ਤਰ੍ਹਾਂ ਕੈਨੇਡਾ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 26 ਸਾਲਾ ਰਜਤ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਦਾ ਰਹਿਣ ਵਾਲਾ ਸੀ।
5 ਸਾਲ ਪਹਿਲਾਂ ਵਿਦੇਸ਼ ਗਿਆ ਸੀ
ਜਾਣਕਾਰੀ ਅਨੁਸਾਰ ਰਜਤ ਕੁਮਾਰ 5 ਸਾਲ ਪਹਿਲਾਂ ਕੈਨੇਡਾ ਗਿਆ ਸੀ। ਪਰ ਰਜਤ ਦੀ ਕੱਲ੍ਹ ਮੌਤ ਹੋ ਗਈ। ਇਹ ਹਾਦਸਾ ਕੈਨੇਡਾ ਦੇ ਬਰੈਂਪਟਨ 'ਚ ਵਾਪਰਿਆ। ਬੇਟੇ ਦੀ ਮੌਤ ਦੀ ਖਬਰ ਸੁਣਦੇ ਹੀ ਪਰਿਵਾਰ 'ਤੇ ਦੁੱਖ ਦਾ ਪਹਾੜ ਡਿੱਗ ਗਿਆ। ਰਜਤ ਕੁਮਾਰ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਜੋ ਕਾਫੀ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ।
ਅੰਤਿਮ ਸੰਸਕਾਰ ਫਗਵਾੜਾ ਵਿੱਚ ਕੀਤਾ ਜਾਵੇਗਾ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਜਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇਗਾ ਅਤੇ ਫਗਵਾੜਾ ਵਿੱਚ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।