ਖਬਰਿਸਤਾਨ ਨੈੱਟਵਰਕ- ਪੰਜਾਬ ਵਿਚ ਪਾਰਾ 47 ਤੋਂ ਪਾਰ ਪੁੱਜ ਚੁੱਕਾ ਹੈ ਤੇ ਲੋਕਾਂ ਲਈ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਅੱਤ ਦੀ ਗਰਮੀ ਕਾਰਣ ਇਕ ਹੋਰ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸ ਦੇਈਏ ਕਿ ਗੁਰਦਾਸਪੁਰ ਵਿਚ ਗਰਮੀ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਉਕਤ ਵਿਅਕਤੀ ਦੀ ਲਾਸ਼ ਰੇਲਵੇ ਸਟੇਸ਼ਨ ਤੋਂ ਬਰਾਮਦ ਕੀਤੀ ਗਈ ਹੈ।
ਬੀਤੇ ਦਿਨੀਂ ਗਰਮੀ ਕਾਰਣ ਜਲੰਧਰ ਵਿਚ ਹੋਈ ਸੀ ਮੌਤ
ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ (62) ਹਿਮਾਚਲ ਵਿਚ ਪੇਂਟ ਦਾ ਕੰਮ ਕਰਦਾ ਸੀ ਅਤੇ ਹਿਮਾਚਲ ਤੋਂ ਟਰੇਨ ਰਾਹੀਂ ਵਾਪਸ ਆ ਰਿਹਾ ਸੀ ਉਕਤ ਵਿਅਕਤੀ ਦੀ ਰੇਲਵੇ ਸਟੇਸ਼ਨ 'ਤੇ ਗਰਮੀ ਕਾਰਨ ਹਾਲਤ ਖ਼ਰਾਬ ਹੋਈ ਅਤੇ ਬਾਅਦ ਵਿਚ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਧਾਰ ਕਾਰਡ ਦੇ ਜ਼ਰੀਏ ਉਕਤ ਵਿਅਕਤੀ ਦੀ ਪਛਾਣ ਕੀਤੀ ਗਈ ਹੈ।
ਪੰਜਾਬ 'ਚ ਰਿਕਾਰਡਤੋੜ ਗਰਮੀ
ਦੱਸ ਦੇਈਏ ਕਿ ਪੰਜਾਬ ਵਿਚ 13 ਸਾਲਾਂ ਬਾਅਦ ਇੰਨੀ ਭਿਆਨਕ ਗਰਮੀ ਪੈ ਰਹੀ ਹੈ। ਇਸ ਤੋਂ ਪਹਿਲਾਂ 1 ਜੂਨ, 2012 ਨੂੰ ਅੰਮ੍ਰਿਤਸਰ ਵਿੱਚ 47.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ। ਮੰਗਲਵਾਰ ਨੂੰ ਪੰਜਾਬ ਦਾ ਬਠਿੰਡਾ 47.6 ਡਿਗਰੀ ਸੈਲਸੀਅਸ ਨਾਲ ਦੇਸ਼ ਵਿੱਚ ਸਭ ਤੋਂ ਗਰਮ ਸੀ। ਇੱਥੇ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ ਸੀ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 43 ਡਿਗਰੀ ਤੋਂ ਉੱਪਰ ਪਾਇਆ ਜਾ ਰਿਹਾ ਹੈ।
ਲੂ ਦਾ ਅਲਰਟ ਜਾਰੀ
ਪਿਛਲੇ 24 ਘੰਟਿਆਂ ਵਿੱਚ, ਸੂਬੇ ਦੇ ਤਾਪਮਾਨ ਵਿੱਚ 0.3 ਡਿਗਰੀ ਦਾ ਵਾਧਾ ਹੋਇਆ ਹੈ, ਜੋ ਕਿ ਆਮ ਨਾਲੋਂ 5.4 ਡਿਗਰੀ ਵੱਧ ਹੈ। ਅੱਜ 18 ਜ਼ਿਲ੍ਹਿਆਂ ਵਿੱਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ, ਅੱਜ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਫਾਜ਼ਿਲਕਾ, ਮੁਕਤਸਰ ਅਤੇ ਮਾਨਸਾ ਵਿੱਚ ਗਰਮੀ ਦੀ ਲਹਿਰ ਰਹੇਗੀ। ਇਸ ਦੇ ਨਾਲ ਹੀ ਰਾਤਾਂ ਵੀ ਗਰਮ ਰਹਿਣਗੀਆਂ। ਇਸ ਤੋਂ ਇਲਾਵਾ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਮੋਗਾ, ਸੰਗਰੂਰ, ਪਟਿਆਲਾ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਲੂ ਚੱਲਣ ਦੀ ਸੰਭਾਵਨਾ ਹੈ।
ਇਸ ਦਿਨ ਰਾਹਤ ਮਿਲੇਗੀ
14 ਤੋਂ 16 ਜੂਨ ਤੱਕ ਵੱਖ-ਵੱਖ ਥਾਵਾਂ 'ਤੇ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਅਤੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।