ਖਬਰਿਸਤਾਨ ਨੈੱਟਵਰਕ- ਲਹਿੰਦੇ ਪੰਜਾਬ ਵਿਚ ਇਸ ਸਮੇਂ ਭਾਰੀ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਮੀਡੀਆ ਰਿਪੋਰਟ ਮੁਤਾਬਕ ਕਈ ਜ਼ਿਲ੍ਹਿਆਂ ਵਿਚ ਵੀਰਵਾਰ ਨੂੰ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਜਨ-ਜੀਵਨ ਬੁਰੀ ਤਰਾਂ ਪ੍ਰਭਾਵਤ ਹੋਇਆ। ਦੱਸਿਆ ਜਾ ਰਿਹੈ ਕਿ 63 ਲੋਕਾਂ ਦੀ ਮੌਤ ਹੋ ਗਈ ਅਤੇ 290 ਲੋਕ ਜ਼ਖ਼ਮੀ ਹਨ।
ਕਈ ਇਲਾਕਿਆਂ ਵਿਚ ਐਮਰਜੈਂਸੀ
ਹੜ੍ਹਾਂ ਦੀ ਸਥਿਤੀ ਨੂੰ ਵੇਖਦਿਆਂ ਕਈ ਇਲਾਕਿਆਂ ਵਿਚ ਐਮਰਜੈਂਸੀ ਲਾਗੂ ਕਰ ਦਿਤੀ ਗਈ ਹੈ। ਪੰਜਾਬ ਆਫ਼ਤ ਪ੍ਰਬੰਧਨ ਅਥਾਰਟੀ (PMD) ਨੇ ਕਿਹਾ ਕਿ ਲਾਹੌਰ ਵਿਚ 15, ਫ਼ੈਸਲਾਬਾਦ ਵਿਚ 9, ਸਾਹੀਵਾਲ ਵਿਚ 5, ਪਾਕਪਟਨ ਵਿਚ 3 ਅਤੇ ਓਕਾਰਾ ਵਿਚ 9 ਲੋਕਾਂ ਦੀ ਮੌਤ ਹੋ ਗਈ। ਸਰਕਾਰ ਨੇ ਮ੍ਰਿਤਕਾਂ ਦੇ ਪਰਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪਾਕਿਸਤਾਨ ਮੌਸਮ ਵਿਭਾਗ (PMD) ਨੇ ਸੋਮਵਾਰ ਨੂੰ ਦੇਸ਼ ਭਰ ਵਿਚ 17 ਜੁਲਾਈ ਤਕ ਤੇਜ਼ ਹਵਾਵਾਂ ਅਤੇ ਗਰਜ ਨਾਲ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ।
ਮੁੱਖ ਮੰਤਰੀ ਦਾ ਬਿਆਨ
ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਵੀਰਵਾਰ ਨੂੰ ਕਿਹਾ ਕਿ ਅਸਾਧਾਰਨ ਪਏ ਮੀਂਹ ਅਤੇ ਹੜ੍ਹਾਂ ਕਾਰਨ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਐਮਰਜੈਂਸੀ ਦੀ ਸਥਿਤੀ ਲਾਗੂ ਕਰ ਦਿਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਸਥਾਨਕ ਅਧਿਕਾਰੀਆਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।
ਰੈਸਕਿਊ ਆਪ੍ਰੇਸ਼ਨ ਜਾਰੀ
ਜੇਹਲਮ ਵਿਚ ਹੜ੍ਹ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਹੈ। ਸਥਾਨਕ ਅਧਿਕਾਰੀ ਅਨੁਸਾਰ ਹੁਣ ਤਕ 57 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ 50 ਤੋਂ ਵੱਧ ਕਿਸ਼ਤੀਆਂ ਇਸ ਬਚਾਅ ਕਾਰਜ ਵਿਚ ਲੱਗੀਆਂ ਹੋਈਆਂ ਹਨ। ਜਦੋਂ ਕਿ 15,000 ਤੋਂ ਵੱਧ ਬਚਾਅ ਕਰਮਚਾਰੀ ਅਤੇ 800 ਕਿਸ਼ਤੀਆਂ ਹਾਈ ਅਲਰਟ ’ਤੇ ਹਨ। ਲੋਕਾਂ ਸੇਫ ਥਾਵਾਂ ਉਤੇ ਪਹੁੰਚਾਉਣ ਦਾ ਕੰਮ ਜੰਗੀ ਪੱਧਰ ਉਤੇ ਜਾਰੀ ਹੈ।