ਖ਼ਬਰਿਸਤਾਨ ਨੈੱਟਵਰਕ- ਪੰਜਾਬੀ ਗਾਇਕ ਆਰਨੇਤ ਤੇ ਗਾਇਕਾ ਗੁਰਲੇਜ਼ ਅਖਤਰ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਦਰਅਸਲ ਉਹ ਆਪਣੇ ਗੀਤ 315 ਨੂੰ ਲੈ ਕੇ ਸੁਰਖੀਆਂ ਵਿਚ ਹਨ। ਇਸ ਨੂੰ ਲੈ ਕੇ ਪੁਲਿਸ ਵਿਚ ਸ਼ਿਕਾਇਤ ਹੋਈ ਸੀ। ਹੁਣ ਇਸ ਵਿਚ ਗਾਇਕ ਆਰ ਨੇਤ ਤੇ ਗਾਇਕਾ ਗੁਰਲੇਜ਼ ਨੂੰ 16 ਅਗਸਤ ਨੂੰ ਪੁਲਿਸ ਨੇ 12 ਵਜੇ ਜਲੰਧਰ ਪੁਲਿਸ ਕਮਿਸ਼ਨਰ ਦੇ ਦਫਤਰ ਵਿਚ ਤਲਬ ਕੀਤਾ ਹੈ। ਇਸ ਨੂੰ ਲੈ ਕੇ ਅਰਵਿੰਦ ਸਿੰਘ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜੋ ਕਿ ਪੰਜਾਬ ਭਾਜਪਾ ਦੇ ਨੇਤਾ ਹਨ।
ਕਿਸ ਨੇ ਦਿੱਤੀ ਸ਼ਿਕਾਇਤ
ਮਾਮਲੇ ਨੂੰ ਲੈ ਕੇ ਜਲੰਧਰ ਦੇ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ ਪੰਜਾਬ ਟ੍ਰੇਡ ਸੈਲ ਦੇ ਡਿਪਟੀ ਕਨਵੀਨਰ ਅਰਵਿੰਦ ਸਿੰਘ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਸ਼ਿਕਾਇਤ ਪੱਤਰ ਭੇਜਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਅਜਿਹੇ ਗੀਤ ਜੋ ਪੰਜਾਬ ਵਿਚ ਹਿੰਸਾ, ਗੈਰ-ਕਾਨੂੰਨੀ ਹਥਿਆਰਾਂ ਦੀ ਸੰਸਕ੍ਰਿਤੀ ਤੇ ਅਪਰਾਧਾਂ ਨੂੰ ਬੜ੍ਹਾਵਾ ਦਿੰਦੇ ਹਨ, ਉਨ੍ਹਾਂ ‘ਤੇ ਸਖਤ ਕਾਰਵਾਈ ਕੀਤੀ ਜਾਵੇ।
ਇਸ ਗੀਤ ਨੂੰ ਲੈ ਕੇ ਹੋਈ ਸ਼ਿਕਾਇਤ
ਆਰ ਨੇਤ ਦੇ ਗੀਤ 315 ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਗੀਤ ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਗਏ ਮਾਪਦੰਡਾਂ ਦੀ ਉਲੰਘਣਾ ਹਨ ਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਹਨ। ਇਸ ਤਰ੍ਹਾਂ ਦੇ ਗਾਣੇ ਨਾ ਸਿਰਫ ਸਮਾਜ ਵਿਚ ਡਰ ਤੇ ਹਿੰਸਾ ਦਾ ਮਾਹੌਲ ਬਣਾਉਂਦੇ ਹਨ ਸਗੋਂ ਸੂਬੇ ਦੀ ਕਾਨੂੰਨ ਵਿਵਸਥਾ ਲਈ ਖਤਰਾ ਵੀ ਪੈਦਾ ਕਰ ਸਕਦੇ ਹਨ।
ਇਹ ਗਾਣਾ 3 ਮਿੰਟ 7 ਸੈਕੰਡ ਦਾ ਹੈ। ਵੀਡੀਓ ਵਿਚ ਖੁਦ ਨੂੰ ਸਮਾਜ ਸੇਵਕ ਦੱਸਣ ਵਾਲੇ ਭਾਨਾ ਸਿੱਧੂ ਨੂੰ ਹਥਿਆਰਾਂ ਨਾਲ ਐਕਟਿੰਗ ਕਰਦੇ ਹੋਏ ਦਿਖਾਇਆ ਗਿਆ ਹੈ ਇਸ ਨਾਲ ਨੌਜਵਾਨਾਂ ‘ਤੇ ਗਲਤ ਅਸਰ ਪੈ ਸਕਦਾ ਹੈ। ਇਸ ਗਾਣੇ ਨੂੰ ਹੁਣ ਤੱਕ ਯੂਟਿਊਬ ‘ਤੇ 4 ਮਿਲੀਅਨ ਤੋਂ ਵੱਧ ਵਾਰ ਲੋਕ ਇਸ ਨੂੰ ਦੇਖ ਚੁੱਕੇ ਹਨ।