ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਸ਼੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਇਸ ਸਾਲ 25 ਮਈ ਨੂੰ ਸੰਗਤਾਂ ਲਈ ਖੋਲ੍ਹੇ ਜਾਣਗੇ। ਉੱਤਰਾਖੰਡ ਸਰਕਾਰ ਅਤੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਇਸ ਪਵਿੱਤਰ ਤੀਰਥ ਅਸਥਾਨ ਲਈ ਯਾਤਰਾ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ, ਪਹਿਲਾ ਜੱਥਾ 22 ਮਈ ਨੂੰ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ।
25 ਮਈ ਨੂੰ ਸ਼ੁਰੂ ਹੋਵੇਗੀ ਇਹ ਯਾਤਰਾ
ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰ ਸਿੰਘ ਬਿੰਦਰਾ ਨੇ ਮੁੱਖ ਸਕੱਤਰ ਰਾਧਾ ਰਤੂਰੀ ਨਾਲ ਮੁਲਾਕਾਤ ਕਰ ਕੇ ਇਹ ਜਾਣਕਾਰੀ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਇਹ ਯਾਤਰਾ 25 ਮਈ ਤੋਂ ਸ਼ੁਰੂ ਹੋਵੇਗੀ ਅਤੇ 10 ਅਕਤੂਬਰ ਨੂੰ ਸਮਾਪਤ ਹੋਵੇਗੀ। ਜਿਸ ਕਾਰਨ ਸ਼ਰਧਾਲੂਆਂ ਨੂੰ ਪਵਿੱਤਰ ਤੀਰਥ ਅਸਥਾਨ ਦੇ ਦਰਸ਼ਨ ਕਰਨ ਲਈ ਲਗਭਗ ਪੰਜ ਮਹੀਨੇ ਦਾ ਸਮਾਂ ਮਿਲੇਗਾ।
ਹੇਮਕੁੰਟ ਸਾਹਿਬ ਦੀ ਧਾਰਮਿਕ ਮਹੱਤਤਾ
ਸ਼੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਅਤੇ ਇਸ ਦੇ ਨੇੜੇ ਸਥਿਤ ਪਵਿੱਤਰ ਹਿਮ ਸਰੋਵਰ ਸਮੁੰਦਰ ਤਲ ਤੋਂ 15,200 ਫੁੱਟ ਦੀ ਉਚਾਈ 'ਤੇ ਸਥਿਤ ਹਨ। ਇਸ ਨੂੰ ਸਿੱਖ ਭਾਈਚਾਰੇ ਦੇ ਸਭ ਤੋਂ ਪਵਿੱਤਰ ਤੀਰਥ ਅਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਤਿਹਾਸ ਅਨੁਸਾਰ, ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ 'ਤੇ ਕਠੋਰ ਤਪੱਸਿਆ ਕਰ ਕੇ ਅਧਿਆਤਮਿਕ ਗਿਆਨ ਪ੍ਰਾਪਤ ਕੀਤਾ ਸੀ।
ਪਿਛਲੇ ਸਾਲ 1.5 ਲੱਖ ਤੋਂ ਵੱਧ ਸੰਗਤਾਂ ਨੇ ਕੀਤੇ ਦਰਸ਼ਨ
ਪਿਛਲੇ ਸਾਲ 1 ਲੱਖ 83 ਹਜ਼ਾਰ 722 ਸ਼ਰਧਾਲੂ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਸਨ। ਜਦੋਂ ਕਿ ਇਸ ਤੋਂ ਪਹਿਲਾਂ ਸਾਲ 2023 ਵਿੱਚ ਇੱਕ ਲੱਖ 77 ਹਜ਼ਾਰ 463 ਸ਼ਰਧਾਲੂ ਪਹੁੰਚੇ ਸਨ।
ਕਿਵੇਂ ਜਾਈਏ ਹੇਮਕੁੰਟ ਸਾਹਿਬ ?
ਕਾਫ਼ੀ ਸੰਗਤ ਹਰ ਸਾਲ ਇਸ ਅਸਥਾਨ ਤੇ ਦਰਸ਼ਨਾਂ ਲਈ ਜਾਂਦੀ ਹੈ। ਸ਼੍ਰੀ ਹੇਮਕੁੰਟ ਸਾਹਿਬ ਜਾਣ ਲਈ ਤੁਹਾਨੂੰ ਗੋਬਿੰਦ ਘਾਟ ਪਹੁੰਚਣਾ ਪਵੇਗਾ। ਉਹ ਜਗ੍ਹਾ ਹੈ ਜਿੱਥੇ ਤੁਸੀਂ ਬੱਸ, ਕਾਰ, ਗੱਡੀ ਜਾਂ ਹਵਾਈ ਸਫ਼ਰ ਰਾਹੀਂ ਪਹੁੰਚ ਸਕਦੇ ਹੋ। ਪਰ ਇਸ ਤੋਂ ਅਗਲਾ ਸਫ਼ਰ ਤੁਹਾਨੂੰ ਪੈਦਲ ਹੀ ਕਰਨਾ ਪਵੇਗਾ। ਗੋਬਿੰਦ ਘਾਟ ਤੋਂ ਸੰਗਤ ਪੈਦਲ ਲਈ ਸ਼੍ਰੀ ਹੇਮਕੁੰਟ ਸਾਹਿਬ ਜਾਂਦੀ ਹੈ।
ਰੇਲ ਰਾਹੀਂ ਕਰੋ ਯਾਤਰਾ
ਜੇਕਰ ਤੁਸੀਂ ਰੇਲ ਗੱਡੀ ਰਾਹੀਂ ਹੇਮਕੁੰਟ ਸਾਹਿਬ ਜਾਣਾ ਚਾਹੁੰਦੇ ਹੋ ਤਾਂ ਗੋਵਿੰਦਘਾਟ ਲਈ ਸਭ ਤੋਂ ਨਜ਼ਦੀਕੀ ਰੇਲਵੇ ਰਿਸ਼ੀਕੇਸ਼ ਰੇਲਵੇ ਸਟੇਸ਼ਨ ਹੈ। ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਦੀ ਦੂਰੀ ਕਰੀਬ 270 ਕਿਲੋਮੀਟਰ ਰਹਿ ਜਾਂਦੀ ਹੈ। ਇੱਥੋਂ ਅਗਲੇ ਸਫ਼ਰ ਲਈ ਤੁਹਾਨੂੰ ਬੱਸਾਂ ਅਤੇ ਗੱਡੀਆਂ ਮਿਲ ਜਾਣਗੀਆਂ। ਤੁਸੀਂ ਅਸਾਨੀ ਨਾਲ ਗੋਬਿੰਦ ਘਾਟ ਪਹੁੰਚ ਸਕਦੇ ਹੋ।
ਬੱਸ ਰਾਹੀਂ ਸਫ਼ਰ
ਜੇਕਰ ਤੁਸੀਂ ਬੱਸ ਰਾਹੀਂ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਸ਼ਹਿਰ ਤੋਂ ਹਰਿਦੁਆਰ, ਰਿਸ਼ੀਕੇਸ਼ ਲਈ ਬੱਸ ਲੈ ਸਕਦੇ ਹਨ। ਹਰਿਦੁਆਰ, ਰਿਸ਼ੀਕੇਸ਼ ਪਹੁੰਚ ਕੇ ਅਸਾਨੀ ਨਾਲ ਗੋਬਿੰਦ ਘਾਟ ਲਈ ਬੱਸਾਂ ਮਿਲ ਜਾਣਗੀਆਂ। ਤੁਸੀਂ ਕੌਮੀ ਰਾਜਮਾਰਗ 58 ਰਾਹੀਂ ਪਹੁੰਚ ਸਕਦੇ ਹੋ।
ਹਵਾਈ ਜਹਾਜ਼ ਰਾਹੀਂ ਵੀ ਕਰ ਸਕਦੇ ਹੋ ਯਾਤਰਾ
ਤੁਸੀਂ ਆਪਣੇ ਨੇੜੇ ਦੇ ਏਅਰਪੋਰਟ ਤੋਂ ਦੇਹਰਾਦੂਨ ਲਈ ਉੱਡਾਣ ਭਰ ਸਕਦੇ ਹੋ। ਜੇਕਰ ਸਿੱਧੀ ਫਲਾਈਟ ਨਹੀਂ ਹੈ ਤਾਂ ਤੁਸੀਂ ਦਿੱਲੀ ਆ ਸਕਦੇ ਹੋ ਐਥੇ ਤੁਹਾਨੂੰ ਦੇਹਰਾਦੂਨ ਲਈ ਫਲਾਈਟ ਮਿਲ ਜਾਵੇਗੀ ਅਤੇ ਤੁਸੀਂ ਕੁੱਝ ਕੁ ਘੰਟਿਆਂ ਵਿੱਚ ਦੇਹਰਾਦੂਨ ਜਾ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਰਿਸ਼ੀਕੇਸ਼ ਲਈ ਕੈਬ ਜਾਂ ਟੈਕਸੀ ਮਿਲ ਜਾਵੇਗੀ।