ਖ਼ਬਰਿਸਤਾਨ ਨੈੱਟਵਰਕ- ਇਸ ਸਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋ ਰਹੀ ਹੈ। ਯਾਤਰਾ ਲਈ ਹੈਲੀਕਾਪਟਰ ਸੇਵਾ ਦੀਆਂ ਟਿਕਟਾਂ ਦੀ ਔਨਲਾਈਨ ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ IRCTC ਦੀ ਵੈੱਬਸਾਈਟ ਦੁਪਹਿਰ 12 ਵਜੇ ਬੁਕਿੰਗ ਲਈ ਖੁੱਲ੍ਹੇਗੀ। 25 ਮਈ ਤੋਂ 22 ਜੂਨ ਤੱਕ ਯਾਤਰਾ ਲਈ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ।
ਬੁਕਿੰਗ ਦੀ ਸਹੂਲਤ IRCTC ਦੀ ਅਧਿਕਾਰਤ ਵੈੱਬਸਾਈਟ heliyatra.irctc.co.in 'ਤੇ ਉਪਲਬਧ ਹੋਵੇਗੀ। ਇਹ ਵੈੱਬਸਾਈਟ ਦੁਪਹਿਰ 12 ਵਜੇ ਤੋਂ ਟਿਕਟ ਬੁਕਿੰਗ ਲਈ ਲਾਈਵ ਹੋ ਚੁੱਕੀ ਹੈ। ਗੋਬਿੰਦਘਾਟ ਤੋਂ ਘੰਗਰੀਆ ਤੱਕ ਦੇ ਰਾਊਂਡ ਟ੍ਰਿਪ ਲਈ ਪ੍ਰਤੀ ਯਾਤਰੀ ਕਿਰਾਇਆ 10,080 ਰੁਪਏ ਨਿਰਧਾਰਤ ਕੀਤਾ ਗਿਆ ਹੈ, ਜਿਸ ਵਿੱਚ ਦੋਵੇਂ ਪਾਸੇ ਦੀ ਯਾਤਰਾ ਸ਼ਾਮਲ ਹੈ।
ਹੇਮਕੁੰਟ ਸਾਹਿਬ ਸਿੱਖ ਇਤਿਹਾਸ ਦੇ ਸਭ ਤੋਂ ਪਵਿੱਤਰ ਅਸਥਾਨਾਂ ਵਿੱਚੋਂ ਇੱਕ ਹੈ। ਸਮੁੰਦਰ ਤਲ ਤੋਂ ਲਗਭਗ 15,000 ਫੁੱਟ ਦੀ ਉਚਾਈ 'ਤੇ ਸਥਿਤ ਗੁਰਦੁਆਰਾ ਸਾਹਿਬ ਤੱਕ ਪਹੁੰਚਣਾ ਆਪਣੇ ਆਪ ਵਿੱਚ ਇੱਕ ਔਖਾ ਸਫ਼ਰ ਹੈ। ਹੇਮਕੁੰਟ ਸਾਹਿਬ ਯਾਤਰਾ ਦਾ ਰਸਤਾ ਗੋਬਿੰਦਘਾਟ ਤੋਂ ਸ਼ੁਰੂ ਹੁੰਦਾ ਹੈ ਅਤੇ ਘੰਗਰੀਆ ਰਾਹੀਂ ਹੇਮਕੁੰਟ ਜਾਂਦਾ ਹੈ। ਇਹ ਲਗਭਗ 18 ਕਿਲੋਮੀਟਰ ਦਾ ਪੈਦਲ ਰਸਤਾ ਹੈ।