ਗੈਂਗਸਟਰ ਲਾਰੈਂਸ ਬਿਸ਼ਨੋਈ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ। ਸੁਣਵਾਈ ਦੌਰਾਨ ਹਾਈ ਕੋਰਟ ਨੇ ਪੁੱਛਿਆ ਕਿ ਤਤਕਾਲੀ ਐਸਐਸਪੀ ਖ਼ਿਲਾਫ਼ ਅਜੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ। ਜੇਕਰ ਜੇਲ੍ਹ ਵਿੱਚ ਕੋਈ ਅਪਰਾਧ ਹੁੰਦਾ ਹੈ ਤਾਂ ਜੇਲ੍ਹ ਵਾਰਡਨ ਨੂੰ ਮੁਅੱਤਲ ਕਰ ਦਿੱਤਾ ਜਾਂਦਾ ਹੈ ਪਰ ਐਸਐਸਪੀ ’ਤੇ ਕੋਈ ਕਾਰਵਾਈ ਕਿਉਂ ਨਹੀਂ ਹੋਈ?
ਅਗਲੀ ਸੁਣਵਾਈ 10 ਦਸੰਬਰ ਨੂੰ ਹੋਵੇਗੀ
ਹਾਈਕੋਰਟ ਨੇ ਇਸ ਸੁਣਵਾਈ ਦੌਰਾਨ ਪੰਜਾਬ ਪੁਲਸ ਨੂੰ ਸਵਾਲ ਵੀ ਪੁੱਛੇ। ਅਦਾਲਤ ਨੇ ਪੁੱਛਿਆ ਕਿ ਪੰਜਾਬ ਪੁਲਸ ਨੂੰ ਗੈਂਗਸਟਰ ਦੀ ਇੰਟਰਵਿਊ ਬਾਰੇ ਕਿਵੇਂ ਪਤਾ ਲੱਗਾ। ਮਾਮਲੇ ਦੀ ਅਗਲੀ ਸੁਣਵਾਈ 10 ਦਸੰਬਰ ਨੂੰ ਹੋਵੇਗੀ।
7 ਪੁਲਸ ਅਧਿਕਾਰੀਆਂ ਨੂੰ ਕੀਤਾ ਜਾ ਚੁੱਕੈ ਮੁਅੱਤਲ
ਦੱਸ ਦੇਈਏ ਕਿ ਪੰਜਾਬ ਪੁਲਸ ਨੇ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ 7 ਅਧਿਕਾਰੀਆਂ ਨੂੰ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਸੀ, ਜਿਸ ਵਿੱਚ 2 ਡੀ.ਐਸ.ਪੀ. ਵੀ ਸ਼ਾਮਲ ਸਨ। ਹਾਈ ਕੋਰਟ ਲਗਾਤਾਰ ਇੰਟਰਵਿਊ ਵਿੱਚ ਸ਼ਾਮਲ ਸਾਰੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਹਿ ਚੁੱਕਾ ਹੈ।
ਇੰਟਰਵਿਊ 14 ਮਾਰਚ 2023 ਨੂੰ ਸਾਹਮਣੇ ਆਈ ਸੀ
ਲਾਰੈਂਸ ਬਿਸ਼ਨੋਈ ਨੇ ਸਾਲ 2023 ਵਿੱਚ 14 ਮਾਰਚ ਨੂੰ ਇੱਕ ਜੇਲ੍ਹ ਵਿਚ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਸੀ, ਜਿਸ ਵਿੱਚ ਉਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਗੱਲ ਕਬੂਲ ਕੀਤੀ ਸੀ। ਉਸ ਨੇ ਇੰਟਰਵਿਊ 'ਚ ਕਈ ਖੁਲਾਸੇ ਵੀ ਕੀਤੇ ਸਨ। ਇਸ ਇੰਟਰਵਿਊ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਪੰਜਾਬ ਪੁਲਸ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਲਾਰੈਂਸ ਨੇ ਦੱਸਿਆ ਸੀ ਕਿਵੇਂ ਜੇਲ੍ਹਾਂ ਅੰਦਰ ਆਉਂਦੇ ਨੇ ਮੋਬਾਇਲ
ਆਪਣੇ ਦੂਜੇ ਇੰਟਰਵਿਊ ਵਿੱਚ ਲਾਰੈਂਸ ਨੇ ਜੇਲ੍ਹ ਦੇ ਅੰਦਰੋਂ ਇੰਟਰਵਿਊ ਦੇਣ ਦਾ ਸਬੂਤ ਵੀ ਦਿੱਤਾ ਸੀ। ਉਸ ਨੇ ਆਪਣੀ ਬੈਰਕ ਦਿਖਾਉਂਦੇ ਹੋਏ ਦੱਸਿਆ ਸੀ ਕਿ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਪਰ ਉਸ ਲਈ ਮੋਬਾਇਲ ਫੋਨ ਅੰਦਰ ਆ ਆ ਜਾਂਦਾ ਹੈ ਅਤੇ ਉਸ ਵਿਚ ਸਿਗਨਲ ਵੀ ਹੈ।