ਸੰਗਰੂਰ ਵਿੱਚ 20 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਦਫ਼ਤਰ ਬੰਦ ਰਹਿਣਗੇ। ਇਸ ਤੋਂ ਇਲਾਵਾ ਸਕੂਲ, ਕਾਲਜ ਅਤੇ ਹੋਰ ਅਦਾਰੇ ਬੰਦ ਰਹਿਣਗੇ।
ਦੱਸ ਦੇਈਏ ਕਿ 20 ਅਗਸਤ ਨੂੰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ। ਇਸ ਕਾਰਨ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਲੌਂਗੋਵਾਲ ਅਕਾਲੀ ਦਲ ਦੇ ਸਨ ਪ੍ਰਧਾਨ
ਹਰਚੰਦ ਸਿੰਘ ਲੌਂਗੋਵਾਲ (2 ਜਨਵਰੀ 1932 – 20 ਅਗਸਤ 1985) 1980 ਦੇ ਪੰਜਾਬ ਵਿਦਰੋਹ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸਨ। ਉਨ੍ਹਾਂ ਨੇ 24 ਜੁਲਾਈ 1985 ਨੂੰ ਰਾਜੀਵ ਗਾਂਧੀ ਨਾਲ ਪੰਜਾਬ ਸਮਝੌਤੇ 'ਤੇ ਦਸਤਖਤ ਕੀਤੇ ਸੀ , ਜਿਸ ਨੂੰ ਰਾਜੀਵ-ਲੌਂਗੋਵਾਲ ਸਮਝੌਤੇ ਵਜੋਂ ਵੀ ਜਾਣਿਆ ਜਾਂਦਾ ਹੈ।
ਪੰਜਾਬ ਸਮਝੌਤੇ 'ਤੇ ਹਸਤਾਖਰ ਕੀਤੇ ਜਾਣ ਤੋਂ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਸਮਝੌਤੇ ਦਾ ਵਿਰੋਧ ਕਰਨ ਵਾਲੇ ਸਿੱਖਾਂ ਨੇ ਲੌਂਗੋਵਾਲ ਦਾ ਕਤਲ ਕਰ ਦਿੱਤਾ । ਲੌਂਗੋਵਾਲ ਦੀ 20 ਅਗਸਤ 1985 ਨੂੰ ਪੰਜਾਬ ਦੇ ਪਟਿਆਲਾ ਤੋਂ 90 ਕਿਲੋਮੀਟਰ ਦੂਰ ਪਿੰਡ ਸ਼ੇਰਪੁਰ ਦੇ ਇੱਕ ਗੁਰਦੁਆਰੇ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।