ਖਬਰਿਸਤਾਨ ਨੈਟੱਵਰਕ- ਬਠਿੰਡਾ ਵਿਚ ਅੱਜ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿਥੇ ਪਿਓ ਵਲੋਂ ਆਪਣੀ ਧੀ ਅਤੇ ਦੋਹਤੀ ਦਾ ਅਣਖ ਖਾਤਰ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਧੀ ਨੇ 4-5 ਸਾਲ ਪਹਿਲਾਂ ਪ੍ਰੇਮ ਵਿਆਹ (LOVE MARRIAGE) ਕਰਵਾਇਆ ਸੀ, ਜਿਸ ਕਾਰਣ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਪਿੰਡ ਦੇ ਹੀ ਮੁੰਡੇ ਨਾਲ ਕਰਵਾਈ ਸੀ ਲਵ ਮੈਰਿਜ
ਜਾਣਕਾਰੀ ਅਨੁਸਾਰ ਬਠਿੰਡਾ ਦੇ ਪਿੰਡ ਵਿਰਕ ਕਲਾਂ ਵਿਖੇ ਅਣਖ ਖਾਤਰ ਪਿਓ ਨੇ ਆਪਣੀ ਧੀ ਅਤੇ ਦੋਹਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਵਲੋ ਮ੍ਰਿਤਕ ਮਾਂ-ਧੀ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਜਸਮਨਦੀਪ ਕੌਰ ਨੇ 4-5 ਸਾਲ ਪਹਿਲਾਂ ਪਣੇ ਪਿੰਡ ਦੇ ਹੀ ਇਕ ਲੜਕੇ ਰਵੀ ਸ਼ਰਮਾ ਨਾਲ ਪ੍ਰੇਮ ਵਿਆਹ ਕਰਵਾਇਆ ਸੀ, ਜਿਸ ਤੋਂ ਲੜਕੀ ਦੇ ਪਰਿਵਾਰ ਵਾਲੇ ਖੁਸ਼ ਨਹੀਂ ਸਨ।
ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ
ਜਸਮਨਦੀਪ ਕੌਰ ਅੱਜ ਆਪਣੀ ਛੋਟੀ ਬੱਚੀ ਏਕਮਨੂਰ ਨਾਲ ਦਵਾਈ ਲੈਣ ਲਈ ਪਿੰਡ ਦੇ ਬੱਸ ਅੱਡੇ 'ਤੇ ਖੜ੍ਹੀ ਬੱਸ ਦੀ ਉਡੀਕ ਕਰ ਰਹੀ ਸੀ ਕਿ ਮੌਕੇ 'ਤੇ ਲੜਕੀ ਦਾ ਪਿਤਾ ਰਾਜਵੀਰ ਸਿੰਘ ਆ ਗਿਆ, ਜਿਸ ਨੇ ਤੇਜ਼ਧਾਰ ਹਥਿਆਰ ਨਾਲ ਮਾਂ-ਧੀ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਜਸਮਨਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਜ਼ਖ਼ਮੀ ਬੱਚੀ ਏਕਮਨੂਰ ਨੂੰ ਹਸਪਤਾਲ ਲਿਜਾਣ ਉਪਰੰਤ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।