ਯੂਪੀ ਦੇ ਹਾਥਰਸ 'ਚ ਮੈਕਸ ਲੋਡਰ ਅਤੇ ਰੋਡਵੇਜ਼ ਦੀ ਬੱਸ ਵਿਚਾਲੇ ਹੋਈ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਹੈ। ਇਸ ਹਾਦਸੇ 'ਚ 17 ਲੋਕਾਂ ਦੀ ਮੌਤ ਹੋ ਗਈ ਹੈ। ਇਸ 'ਚ 15 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਅਤੇ 2 ਲੋਕਾਂ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਇਨ੍ਹਾਂ ਵਿੱਚੋਂ 15 ਇੱਕੋ ਪਰਿਵਾਰ ਨਾਲ ਸਬੰਧਤ ਹਨ। ਮਰਨ ਵਾਲਿਆਂ ਵਿੱਚ 4 ਬੱਚੇ, 4 ਔਰਤਾਂ ਅਤੇ 9 ਪੁਰਸ਼ ਸ਼ਾਮਲ ਹਨ।
ਮੈਕਸ ਕਾਰ ਅਤੇ ਰੋਡਵੇਜ਼ ਬੱਸ ਵਿਚਾਲੇ ਹੋਈ ਟੱਕਰ
ਪੁਲਿਸ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਹ ਹਾਦਸਾ ਆਗਰਾ-ਅਲੀਗੜ੍ਹ ਬਾਈਪਾਸ 'ਤੇ ਚਾਂਦਪਾ ਥਾਣਾ ਖੇਤਰ 'ਚ ਸਥਿਤ ਮੀਤਾਈ ਪਿੰਡ ਦਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਮੈਕਸ ਲੋਡਰ 'ਚ ਸਵਾਰ ਲੋਕ ਸਾਸਨੀ ਦੇ ਮੁਕੰਦ ਖੇੜਾ ਤੋਂ ਤੇਰ੍ਹਵੀਂ ਦਾ ਤਿਉਹਾਰ ਮਨਾ ਕੇ ਖੰਡੌਲੀ ਨੇੜੇ ਪਿੰਡ ਸੇਵਲਾ ਵੱਲ ਪਰਤ ਰਹੇ ਸਨ, ਜਦੋਂ ਮੈਕਸ ਲੋਡਰ ਨੂੰ ਰੋਡਵੇਜ਼ ਦੀ ਬੱਸ ਨੇ ਟੱਕਰ ਮਾਰ ਦਿੱਤੀ।
ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੇ ਦੁੱਖ ਪ੍ਰਗਟ ਕੀਤਾ
ਹਾਥਰਸ ਹਾਦਸੇ 'ਤੇ ਪੀਐੱਮਓ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਸੜਕ ਹਾਦਸਾ ਬੇਹੱਦ ਦਰਦਨਾਕ ਹੈ। ਉਨ੍ਹਾਂ ਲੋਕਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆ ਦਿੱਤਾ ਹੈ। ਪ੍ਰਮਾਤਮਾ ਉਨ੍ਹਾਂ ਨੂੰ ਇਸ ਔਖੀ ਘੜੀ ਵਿੱਚ ਤਾਕਤ ਦੇਵੇ। ਇਸ ਦੇ ਨਾਲ ਹੀ ਮੈਂ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।
ਮੁਆਵਜ਼ੇ ਦਾ ਐਲਾਨ ਵੀ ਕੀਤਾ
ਸੂਬਾ ਸਰਕਾਰ ਦੀ ਦੇਖ-ਰੇਖ 'ਚ ਸਥਾਨਕ ਪ੍ਰਸ਼ਾਸਨ ਪੀੜਤਾਂ ਨੂੰ ਹਰ ਸੰਭਵ ਮਦਦ ਦੇਣ 'ਚ ਲੱਗਾ ਹੋਇਆ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਹੋਏ ਹਾਦਸੇ ਵਿੱਚ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਸੀਐਮ ਯੋਗੀ ਨੇ ਐਕਸ 'ਤੇ ਪੋਸਟ ਕੀਤਾ ਅਤੇ ਲਿਖਿਆ - "ਹਾਥਰਸ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ ਜਾਨੀ ਨੁਕਸਾਨ ਬਹੁਤ ਦੁਖਦਾਈ ਹੈ। ਮੇਰੀ ਸੰਵੇਦਨਾ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹੈ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ 'ਤੇ ਪੋਸਟ ਕਰਕੇ ਦੁੱਖ ਪ੍ਰਗਟ ਕੀਤਾ ਤੇ ਲਿਖਿਆ ਕਿ ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੀ ਹਾਂ।