ਨਕੋਦਰ-ਜੰਡਿਆਲਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਇਕ ਲੜਕੇ ਅਤੇ ਲੜਕੀ ਦੀ ਮੌਤ ਹੋ ਗਈ। ਇਹ ਹਾਦਸਾ ਪਿੰਡ ਸ਼ੰਕਰ ਦੀ ਮੁੱਖ ਸੜਕ ’ਤੇ ਸਥਿਤ ਇੱਕ ਪੈਲੇਸ ਦੇ ਸਾਹਮਣੇ ਵਾਪਰਿਆ। ਜਿੱਥੇ ਮੋਟਰਸਾਈਕਲ ਅਤੇ ਕੈਂਟਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਦੌਰਾਨ ਮੋਟਰਸਾਈਕਲ ਸਵਾਰ ਲੜਕਾ-ਲੜਕੀ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਦੋਵੇਂ ਨਕੋਦਰ ਵਿਖੇ ਮੱਥਾ ਟੇਕਣ ਜਾ ਰਹੇ ਸਨ
ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ 19 ਸਾਲਾ ਆਕਾਸ਼ ਅਤੇ ਪੂਜਾ ਵਜੋਂ ਹੋਈ ਹੈ। ਸਵੇਰੇ ਆਕਾਸ਼ ਅਤੇ ਪੂਜਾ ਮੋਟਰਸਾਈਕਲ 'ਤੇ ਚੰਡੀਗੜ੍ਹ ਤੋਂ ਨਕੋਦਰ ਧਾਰਮਿਕ ਅਸਥਾਨ 'ਤੇ ਮੱਥਾ ਟੇਕਣ ਜਾ ਰਹੇ ਸਨ ਪਰ ਇਸ ਦੌਰਾਨ ਜਦੋਂ ਉਹ ਪਿੰਡ ਸ਼ੰਕਰ ਦੀ ਮੁੱਖ ਸੜਕ ’ਤੇ ਸਥਿਤ ਇੱਕ ਪੈਲੇਸ ਨੇੜੇ ਪੁੱਜੇ ਤਾਂ ਨਕੋਦਰ ਵੱਲੋਂ ਆ ਰਹੇ ਕੈਂਟਰ ਨਾਲ ਉਨ੍ਹਾਂ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਨੌਜਵਾਨ ਆਕਾਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਿੱਛੇ ਬੈਠੀ ਲੜਕੀ ਪੂਜਾ ਗੰਭੀਰ ਰੂਪ 'ਚ ਜ਼ਖਮੀ ਹੋ ਗਈ।
ਇਲਾਜ ਦੌਰਾਨ ਲੜਕੀ ਦੀ ਵੀ ਹੋਈ ਮੌਤ
ਜਿਸ ਤੋਂ ਬਾਅਦ ਪੁਲਸ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਈ। ਪੂਜਾ ਨੂੰ ਇਲਾਜ ਲਈ ਜਲੰਧਰ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਪਰ ਇਲਾਜ ਦੌਰਾਨ ਸ਼ਾਮ ਨੂੰ ਉਸ ਦੀ ਵੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਸ ਭਿਆਨਕ ਹਾਦਸੇ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਕੈਂਟਰ ਚਾਲਕ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਪੁਲਸ ਨੇ ਕੈਂਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।