ਖਨੌਰੀ ਬਾਰਡਰ 'ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 57ਵੇਂ ਦਿਨ ਵਿਚ ਦਾਖ਼ਲ ਹੋ ਗਿਆ। ਦੱਸ ਦੇਈਏ ਕਿ ਉਹ ਮੈਡੀਕਲ ਟ੍ਰੀਟਮੈਂਟ ਜ਼ਰੂਰ ਲੈ ਰਹੇ ਹਨ ਪਰ ਉਨ੍ਹਾਂ ਦਾ ਵਰਤ ਹਾਲੇ ਵੀ ਜਾਰੀ ਹੈ।
14 ਫਰਵਰੀ ਨੂੰ ਕੇਂਦਰ ਨਾਲ ਹੋਣ ਵਾਲੀ ਮੀਟਿੰਗ ਬਾਰੇ ਕੀ ਕਿਹਾ
14 ਫ਼ਰਵਰੀ ਨੂੰ ਕਿਸਾਨਾਂ ਦੀ ਕੇਂਦਰ ਨਾਲ ਹੋਣ ਵਾਲੀ ਮੀਟਿੰਗ ਬਾਰੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਲੋਕਾਂ ਦੇ ਸਮਰਥਨ ਨਾਲ ਹੀ ਕੇਂਦਰ ਸਰਕਾਰ ਨੇ ਗੱਲਬਾਤ ਦਾ ਸੱਦਾ ਦਿੱਤਾ ਹੈ ਤੇ ਅਸੀਂ ਸਾਰੇ ਇਕੱਠੇ ਹਾਂ ਤੇ ਸਾਰਿਆਂ ਨੂੰ ਤਕੜੇ ਹੋ ਕੇ ਸੰਘਰਸ਼ ਕਰਨਾ ਪਵੇਗਾ।
ਸਰਵਣ ਪੰਧੇਰ ਦਾ ਬਿਆਨ
ਸੰਯੁਕਤ ਕਿਸਾਨ ਮੋਰਚਾ ਦੇ ਸਰਵਣ ਸਿੰਘ ਪੰਧੇਰ ਨੇ ਬੀਤੇ ਦਿਨੀਂ ਕਿਹਾ ਸੀ ਕਿ ਕੇਂਦਰ ਸਰਕਾਰ ਨੂੰ 14 ਫਰਵਰੀ ਤੋਂ ਪਹਿਲਾਂ ਕਿਸਾਨਾਂ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਅਤੇ ਇਹ ਮੀਟਿੰਗ ਚੰਡੀਗੜ੍ਹ ਵਿੱਚ ਨਹੀਂ ਸਗੋਂ ਦਿੱਲੀ ਵਿੱਚ ਹੋਣੀ ਚਾਹੀਦੀ ਹੈ।
26 ਨਵੰਬਰ ਤੋਂ ਮਰਨ ਵਰਤ 'ਤੇ ਹਨ ਡੱਲੇਵਾਲ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 26 ਨਵੰਬਰ, 2024 ਤੋਂ ਮਰਨ ਵਰਤ 'ਤੇ ਹਨ। ਮੀਟਿੰਗ ਦਾ ਸੱਦਾ ਮਿਲਣ ਤੋਂ ਬਾਅਦ, ਕੇਂਦਰੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਭੁੱਖ ਹੜਤਾਲ ਖਤਮ ਕਰਨ ਲਈ ਕਿਹਾ ਹੈ, ਪਰ ਡੱਲੇਵਾਲ ਸਿਰਫ਼ ਡਾਕਟਰੀ ਸਹੂਲਤਾਂ ਲੈਣ ਲਈ ਸਹਿਮਤ ਹੋਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗਲੂਕੋਜ਼ ਚੜਾਇਆ ਗਿਆ। ਅੱਜ ਡੱਲੇਵਾਲ ਦੇ ਵਰਤ ਦਾ 57ਵਾਂ ਦਿਨ ਹੈ।
121 ਕਿਸਾਨਾਂ ਖਤਮ ਕੀਤਾ ਮਰਨ ਵਰਤ
ਖਨੌਰੀ ਬਾਰਡਰ ’ਤੇ 121 ਕਿਸਾਨਾਂ ਨੇ ਮਰਨ ਵਰਤ ਕੇਂਦਰ ਦੇ ਸੱਦੇ ਤੋਂ ਬਾਅਦ ਖ਼ਤਮ ਕਰ ਦਿੱਤਾ ਸੀ। ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ ਜਾਰੀ ਰਹੇਗਾ।
ਡਾਕਟਰਾਂ ਨੇ ਡੱਲੇਵਾਲ ਬਾਰੇ ਚਿੰਤਾ ਪ੍ਰਗਟਾਈ
ਦੱਸ ਦੇਈਏ ਕਿ ਡਾਕਟਰਾਂ ਨੇ ਕਿਹਾ ਹੈ ਕਿ ਡੱਲੇਵਾਲ 14 ਫਰਵਰੀ ਤੱਕ ਮੈਡੀਕਲ ਸਹੂਲਤ 'ਤੇ ਜ਼ਿੰਦਾ ਨਹੀਂ ਰਹਿ ਸਕਦੇ । ਉਨ੍ਹਾਂ ਨੂੰ ਆਪਣਾ ਵਰਤ ਤੋੜਨਾ ਪਵੇਗਾ।