ਚੰਡੀਗੜ੍ਹ ਕੋਰਟ 'ਚ ਪੰਜਾਬ ਪੁਲਿਸ ਦੇ ਮੁਅੱਤਲ ਏਆਈਜੀ ਨੇ ਆਪਣੇ ਜਵਾਈ ਆਈਆਰਐਸ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਹਰਪ੍ਰੀਤ ਅਤੇ ਉਸਦੀ ਪਤਨੀ ਵਿਚਕਾਰ ਤਲਾਕ ਦਾ ਮਾਮਲਾ ਚੱਲ ਰਿਹਾ ਸੀ। ਦੋਵੇਂ ਇਸ ਮਾਮਲੇ ਨੂੰ ਲੈ ਕੇ ਅਦਾਲਤ ਪੁੱਜੇ ਸਨ।
ਬਾਥਰੂਮ ਲਿਜਾਣ ਦੇ ਬਹਾਨੇ ਚਲਾਈ ਗੋਲੀਆਂ
ਦੱਸਿਆ ਜਾ ਰਿਹਾ ਹੈ ਕਿ ਮੁਅੱਤਲ ਏਆਈਜੀ ਨੇ ਆਪਣੇ ਜਵਾਈ ਹਰਪ੍ਰੀਤ ਨੂੰ ਬਾਥਰੂਮ ਜਾਣ ਦਾ ਰਸਤਾ ਪੁੱਛਣ ਦੇ ਬਹਾਨੇ ਉਹ ਹਰਪ੍ਰੀਤ ਨੂੰ Mediation Centre ਤੋਂ ਬਾਹਰ ਲੈ ਗਿਆ। ਜਿਵੇਂ ਹੀ ਹਰਪ੍ਰੀਤ ਬਾਹਰ ਆਇਆ ਤਾਂ ਉਸ ਨੇ ਹਰਪ੍ਰੀਤ 'ਤੇ ਅਚਾਨਕ ਗੋਲੀਆਂ ਚਲਾ ਦਿੱਤੀਆਂ।
ਦੋ ਗੋਲੀਆਂ ਲੱਗਣ ਤੋਂ ਬਾਅਦ ਹਰਪ੍ਰੀਤ ਉੱਥੇ ਹੀ ਡਿੱਗ ਪਿਆ। ਜਿਸ ਤੋਂ ਬਾਅਦ ਪੂਰੇ ਕੋਰਟ ਕੰਪਲੈਕਸ 'ਚ ਰੌਲਾ ਪੈ ਗਿਆ। ਪਰਿਵਾਰ ਵਾਲੇ ਤੁਰੰਤ ਹਰਪ੍ਰੀਤ ਨੂੰ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਤਲਾਕ ਦੀ ਸੁਣਵਾਈ ਲਈ ਪਹੁੰਚੇ ਸਨ ਕੋਰਟ
ਪੁਲਿਸ ਦੀ ਮੁਢਲੀ ਜਾਂਚ ਅਨੁਸਾਰ ਹਰਪ੍ਰੀਤ ਅਤੇ ਉਸਦੀ ਪਤਨੀ ਵਿਚਕਾਰ ਪਿਛਲੇ ਕਾਫੀ ਸਮੇਂ ਤੋਂ ਤਲਾਕ ਦਾ ਮਾਮਲਾ ਚੱਲ ਰਿਹਾ ਸੀ। ਸ਼ਨੀਵਾਰ ਨੂੰ ਲੜਕਾ ਤੇ ਲੜਕੀ ਪੱਖ ਸੁਣਵਾਈ ਲਈ ਅਦਾਲਤ 'ਚ ਪਹੁੰਚੇ। ਇੱਥੇ ਅਦਾਲਤ ਨੇ ਦੋਵਾਂ ਧਿਰਾਂ ਨੂੰ Mediation Centre (ਸਮਝੌਤਾ) ਵਿਚ ਭੇਜ ਦਿੱਤਾ ਸੀ। ਇੱਥੇ ਦੋਵਾਂ ਧਿਰਾਂ ਕੌਂਸਲਿੰਗ ਚੱਲ ਰਹੀ ਸੀ।