ਜਲੰਧਰ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਸੁਧਾਰਨ ਲਈ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਨੇ ਧਾਰਾ 144 ਅਤੇ 32 ਲਾਗੂ ਕਰ ਦਿੱਤੀ ਹੈ, ਜਿਸ ਤਹਿਤ ਕਿਸੇ ਵੀ ਵਿਅਕਤੀ ਵੱਲੋਂ ਵਿਆਹ ਸ਼ਾਦੀਆਂ ਦੌਰਾਨ ਜਨਤਕ ਥਾਵਾਂ, ਧਾਰਮਕ ਅਸਥਾਨਾਂ, ਮੈਰਿਜ ਪੈਲੇਸਾਂ/ਹੋਟਲਾਂ/ਹਾਲਾਂ ਆਦਿ ਵਿੱਚ ਹਥਿਆਰ ਲੈ ਕੇ ਜਾਣ ਅਤੇ ਹਥਿਆਰਾਂ ਪ੍ਰਦਰਸ਼ਨ ਕਰਨ 'ਤੇ ਪਾਬੰਦੀ ਲਾਈ ਗਈ ਹੈ।
ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਸੋਸ਼ਲ ਮੀਡੀਆ/ਫੇਸਬੁੱਕ/ਵਟਸਐਪ ਆਦਿ 'ਤੇ ਹਥਿਆਰਾਂ ਸਮੇਤ ਫੋਟੋਆਂ ਜਾਂ ਵੀਡੀਓ ਕਲਿੱਪ ਅਪਲੋਡ ਕਰੇਗਾ ਤਾਂ ਉਸ ਖਿਲਾਫ ਕਾਰਵਾਈ ਹੋਵੇਗੀ। ਹਿੰਸਾ/ਲੜਾਈ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਨੂੰ ਅਪਲੋਡ ਕਰਨ ਉਤੇ ਪਾਬੰਦੀ ਹੈ, ਅਜਿਹਾ ਕਰਨ ਦੀ ਸਖ਼ਤ ਮਨਾਹੀ ਹੋਵੇਗੀ। ਇਸ ਦੇ ਨਾਲ ਹੀ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਨਹੀਂ ਦੇਵੇਗਾ। ਇਹ ਹੁਕਮ 9 ਅਪ੍ਰੈਲ ਤੋਂ 8 ਜੂਨ 2024 ਤੱਕ ਲਾਗੂ ਰਹੇਗਾ।