ਖਬਰਿਸਤਾਨ ਨੈੱਟਵਰਕ- ਪੰਜਾਬ ਪੁਲਸ ਨੇ ਜ਼ਮਾਨਤ 'ਤੇ ਬਾਹਰ ਆਉਣ ਵਾਲੇ ਨਸ਼ਾ ਤਸਕਰਾਂ 'ਤੇ ਨਜ਼ਰ ਰੱਖਣ ਲਈ ਇੱਕ ਨਵੀਂ ਯੋਜਨਾ ਬਣਾਈ ਹੈ। ਦੱਸ ਦੇਈਏ ਕਿ ਪੁਲਸ ਹੁਣ GPS ਟਰੈਕਿੰਗ ਯੰਤਰਾਂ ਦੀ ਵਰਤੋਂ ਕਰੇਗੀ।
ਨਸ਼ਾ ਤਸਕਰਾਂ ਨੂੰ 24 ਘੰਟੇ ਟਰੈਕ ਕੀਤਾ ਜਾਵੇਗਾ
ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਲਈ ਹੁਣ ਜੀ. ਪੀ. ਐੱਸ. ਸਿਸਟਮ ਦੀ ਵਰਤੋਂ ਕੀਤੀ ਜਾਵੇਗੀ, ਜਿਸ ਰਾਹੀਂ ਵੱਡੇ ਨਸ਼ਾ ਤਸਕਰਾਂ ਨੂੰ 24 ਘੰਟੇ ਟਰੈਕ ਕੀਤਾ ਜਾਵੇਗਾ। GPS ਟਰੈਕਿੰਗ ਯੰਤਰ ਜ਼ਮਾਨਤ ’ਤੇ ਜੇਲ੍ਹਾਂ ਵਿਚੋਂ ਬਾਹਰ ਆਏ ਸਮੱਗਲਰਾਂ ਨੂੰ ਟਰੈਕ ਕਰਨ ਲਈ ਵਰਤੇ ਜਾਣਗੇ, ਜਿਸ ਨਾਲ ਪੁਲਸ ਉਨ੍ਹਾਂ ਦੀ ਗਤੀਵਿਧੀਆਂ ਉਤੇ ਚੰਗੀ ਤਰ੍ਹਾਂ ਨਾਲ ਨਜ਼ਰ ਰੱਖ ਸਕੇਗੀ।
ਮੁਲਜ਼ਮ ਨਹੀਂ ਤੋੜ ਪਾਵੇਗਾ ਐਨਕਲੇਟ
ਡੀਜੀਪੀ ਨੇ ਕਿਹਾ ਕਿ ਜਦੋਂ ਇਹ ਜੀਪੀਐਸ ਐਨਕਲੇਟ ਦੋਸ਼ੀ ਪਹਿਨਦਾ ਹੈ, ਤਾਂ ਜ਼ਮਾਨਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਹੀ ਪੁਲਿਸ ਇਸਨੂੰ ਖੋਲ੍ਹ ਸਕੇਗੀ। ਜੇਕਰ ਨਸ਼ਾ ਤਸਕਰ ਇਸ ਜੀਪੀਐਸ ਐਨਕਲੇਟ ਨੂੰ ਕਿਸੇ ਵੀ ਤਰੀਕੇ ਨਾਲ ਖੋਲ੍ਹਣ, ਤੋੜਨ ਜਾਂ ਕੱਟਣ ਦੀ ਕੋਸ਼ਿਸ਼ ਕਰੇਗਾ ਤਾਂ ਇਸਦਾ ਸੁਨੇਹਾ ਪੰਜਾਬ ਪੁਲਿਸ ਦੀ ਵਿਸ਼ੇਸ਼ ਇਕਾਈ ਨੂੰ ਜਾਵੇਗਾ। ਡੀਜੀਪੀ ਨੇ ਕਿਹਾ ਕਿ ਦੋਸ਼ੀ ਨੂੰ ਐਨਕਲੇਟ ਪਹਿਨਣ ਦੀ ਇਜਾਜ਼ਤ ਲੈਂਦੇ ਹੋਏ ਇਹ ਸਪੱਸ਼ਟ ਕੀਤਾ ਜਾਵੇਗਾ ਕਿ ਜੇਕਰ ਇਸਨੂੰ ਖੋਲ੍ਹਣ ਜਾਂ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਦੋਸ਼ੀ ਦੀ ਜ਼ਮਾਨਤ ਰੱਦ ਮੰਨੀ ਜਾਵੇਗੀ ਅਤੇ ਉਸਨੂੰ ਫੜ ਕੇ ਦੁਬਾਰਾ ਜੇਲ੍ਹ ਭੇਜ ਦਿੱਤਾ ਜਾਵੇਗਾ।