ਚਾਈਨਾ ਡੋਰ ਜਿਸ ਨੂੰ ਖੂਨੀ ਡੋਰ ਵੀ ਕਿਹਾ ਜਾਂਦਾ ਹੈ, ਨਿਤ ਦਿਨ ਲੋਕ ਉਸ ਦੀ ਲਪੇਟ ਵਿਚ ਆ ਕੇ ਜ਼ਖਮੀ ਹੋ ਜਾਂਦੇ ਹਨ। ਇਸ ਲਈ ਸਖਤੀ ਦਿਖਾਉਂਦੇ ਹੋਏ ਫਿਰੋਜ਼ਪੁਰ 'ਚ ਸੀਆਈਏ ਨੇ ਪਾਬੰਦੀਸ਼ੁਦਾ ਚਾਈਨਾ ਡੋਰ ਦੇ 300 ਗੱਟੂਆਂ ਸਮੇਤ ਇਕ ਦੁਕਾਨਦਾਰ ਨੂੰ ਕਾਬੂ ਕੀਤਾ ਹੈ।
ਚਾਈਨਾ ਡੋਰ 'ਤੇ ਹੈ ਪਾਬੰਦੀ
ਦੱਸ ਦੇਈਏ ਕਿ ਸਰਕਾਰ ਨੇ ਚਾਈਨਾ ਡੋਰ ਵੇਚਣ ਤੇ ਖਰੀਦਣ ਉਤੇ ਪਾਬੰਧੀ ਲਾਈ ਹੋਈ ਹੈ। ਫਿਰ ਵੀ ਚਾਈਨਾ ਡੋਰ ਦੁਕਾਨਾਂ 'ਤੇ ਵੇਚੀ ਤੇ ਖਰੀਦੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਸੀਆਈਏ ਸਟਾਫ਼ ਦੇ ਸਹਾਇਕ ਥਾਣੇਦਾਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਪੁਲਸ ਨਾਲ ਗਸ਼ਤ ’ਤੇ ਸਨ। ਦਿੱਲੀ ਗੇਟ ਨੇੜੇ ਮੁਖਬਰ ਨੇ ਇਤਲਾਹ ਦਿਤੀ ਕਿ ਮੁਲਜ਼ਮ ਸੰਨੀ ਸ਼ਰਮਾ ਵਾਸੀ ਟਾਹਲੀ ਮੁਹੱਲਾ ਸਿਟੀ ਫਿਰੋਜ਼ਪੁਰ ਇਲਾਕੇ ਵਿਚ ਕਰਿਆਨੇ ਦੀ ਦੁਕਾਨ 'ਤੇ ਕੰਮ ਕਰਦਾ ਹੈ। ਉਹ ਦੁਕਾਨ 'ਤੇ ਪਾਬੰਦੀਸ਼ੁਦਾ ਚਾਈਨਾ ਡੋਰ ਵੀ ਵੇਚ ਰਿਹਾ ਹੈ।
ਰਾਜ ਪੱਧਰੀ ਪਤੰਗ ਉਡਾਉਣ ਦਾ ਮੁਕਾਬਲਾ
ਸੂਚਨਾ ਮਿਲਣ ਉਤੇ ਦੁਕਾਨ 'ਤੇ ਛਾਪਾ ਮਾਰਦੇ ਹੋਏ ਪਾਬੰਦੀਸ਼ੁਦਾ ਚਾਈਨਾ ਡੋਰ ਬਰਾਮਦ ਕੀਤੀ। ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਫ਼ਿਰੋਜ਼ਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਬਾਅਦ 'ਚ ਦੋਸ਼ੀ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿਤਾ ਗਿਆ। ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਫ਼ਿਰੋਜ਼ਪੁਰ ਵਿੱਚ ਰਾਜ ਪੱਧਰੀ ਪਤੰਗ ਉਡਾਉਣ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਪੁਲਸ ਪ੍ਰਸ਼ਾਸਨ ਲਈ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣਾ ਵੱਡੀ ਚੁਣੌਤੀ ਹੈ ਤੇ ਪੁਲਸ ਇਸ ਪ੍ਰਤੀ ਐਕਸ਼ਨ ਮੋਡ ਵਿਚ ਹੈ।