ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਚੜ੍ਹਦੀ ਵਰੇਸ ਦੇ 22 ਸਾਲਾ ਗੱਭਰੂ ਦੀ ਮੌਤ ਹੋ ਗਈ। ਕੈਨੇਡਾ ਤੋਂ ਪੰਜਾਬੀ ਨੌਜਵਾਨਾਂ ਮੁੰਡੇ-ਕੁੜੀਆਂ ਦੀਆਂ ਮੌਤ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।
ਇਸ ਪਿੰਡ ਦਾ ਸੀ ਵਸਨੀਕ
ਜਾਣਕਾਰੀ ਅਨੁਸਾਰ ਨੌਜਵਾਨ ਅਰਸ਼ਪ੍ਰੀਤ ਸਿੰਘ ਦੀ ਕੈਨੇਡਾ ਵਿਖੇ ਇਕ ਸੜਕ ਹਾਦਸੇ ’ਚ ਮੌਤ ਹੋ ਗਈ, ਜਿਸ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ। ਅਰਸ਼ਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਲੁਧਿਆਣਾ ਦੇ ਹਠੂਰ ਪਿੰਡ ਦਾ ਰਹਿਣ ਵਾਲਾ ਸੀ।
ਮਾਪਿਆਂ ਦਾ ਸੀ ਇਕਲੌਤਾ ਪੁੱਤ
ਅਰਸ਼ਪ੍ਰੀਤ ਸਿੰਘ ਆਪਣੇ ਮਾਂ ਪਿਉ ਦਾ ਇਕਲੋਤਾ ਪੁੱਤ ਸੀ ਅਤੇ ਚਾਰ ਕੁ ਸਾਲ ਪਹਿਲਾਂ 2021 ’ਚ ਹੀਂ ਉਹ 12ਵੀਂ ਪਾਸ ਕਰਨ ਉਪਰੰਤ ਆਈਲੈਟਸ ਕਰ ਕੇ ਸਟੱਡੀਵੇਜ਼ ’ਤੇ ਕੈਨੇਡਾ ਗਿਆ ਸੀ, ਜਿਸ ਨੂੰ ਹੁਣ ਵਰਕ ਪਰਮਿਟ ਮਿਲ ਚੁੱਕਾ ਸੀ ਤੇ ਉਹ ਟਰਾਲਾ ਚਲਾਉਂਦਾ ਸੀ।
ਸੜਕ ਹਾਦਸੇ 'ਚ ਗਈ ਜਾਨ
ਦੱਸ ਦੇਈਏ ਕਿ ਬੀਤੇ ਦਿਨੀਂ ਅਰਸ਼ਪ੍ਰੀਤ ਸਿੰਘ ਨਾਲ ਹਾਦਸਾ ਵਾਪਰ ਗਿਆ। ਉਹ ਕੈਨੇਡਾ ਦੇ ਸ਼ਹਿਰ ਓਂਟਾਰੀਓ ਤੋਂ ਬਰੈਂਪਟਨ ਨੂੰ ਟਰਾਲਾ ਲੈ ਕੇ ਜਾ ਰਿਹਾ ਸੀ ਕਿ 50 ਕਿਲੋਮੀਟਰ ਅੱਗੇ ਜਾ ਕੇ ਉਸ ਦੇ ਟਰਾਲੇ ਦੀ ਇਕ ਹੋਰ ਟਰਾਲੇ ਨਾਲ ਸਿੱਧੀ ਟੱਕਰ ਹੋ ਗਈ, ਇਸ ਭਿਆਨਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ।