ਇੰਡੀਗੋ ਏਅਰਲਾਈਨ ਦਾ ਸਰਵਰ ਇੱਕ ਵਾਰ ਫਿਰ ਡਾਊਨ ਹੋ ਗਿਆ ਹੈ। ਜਿਸ ਕਾਰਨ ਨਵੀਂ ਦਿੱਲੀ-ਮੁੰਬਈ ਤੇ ਤੁਰਕੀ ਵਿਚਾਲੇ ਯਾਤਰਾ ਕਰ ਰਹੇ 400 ਯਾਤਰੀ 24 ਘੰਟੇ ਇਸਤਾਂਬੁਲ ਹਵਾਈ ਅੱਡੇ 'ਤੇ ਫਸੇ ਰਹੇ। ਜਦੋਂ ਯਾਤਰੀਆਂ ਨੇ ਇਸ ਬਾਰੇ ਸਵਾਲ ਪੁੱਛਿਆ ਤਾਂ ਏਅਰਲਾਈਨ ਨੇ ਕਿਹਾ ਕਿ ਸੰਚਾਲਨ ਕਾਰਨਾਂ ਕਰਕੇ ਫਲਾਈਟ ਵਿੱਚ ਦੇਰੀ ਹੋਈ ਹੈ।
ਯਾਤਰੀਆਂ ਨੇ ਸੋਸ਼ਲ ਮੀਡੀਆ 'ਤੇ ਜ਼ਾਹਰ ਕੀਤਾ ਗੁੱਸਾ
ਯਾਤਰੀਆਂ ਨੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਫਲਾਈਟ ਪਹਿਲਾਂ ਲੇਟ ਹੋਈ ਅਤੇ ਫਿਰ ਬਿਨਾਂ ਕਿਸੇ ਜਾਣਕਾਰੀ ਦੇ ਰੱਦ ਕਰ ਦਿੱਤੀ ਗਈ। ਅਨੁਸ਼੍ਰੀ ਭੰਸਾਲੀ ਨਾਂ ਦੇ ਯਾਤਰੀ ਨੇ ਦੱਸਿਆ ਕਿ ਫਲਾਈਟ ਪਹਿਲਾਂ ਦੋ ਘੰਟੇ ਲੇਟ ਹੋਈ ਅਤੇ ਫਿਰ ਅਚਾਨਕ ਉਸ ਨੂੰ ਦੱਸਿਆ ਗਿਆ ਕਿ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਆਖਰਕਾਰ, 12 ਘੰਟਿਆਂ ਬਾਅਦ, ਸਾਨੂੰ ਦੱਸਿਆ ਗਿਆ ਕਿ ਫਲਾਈਟ ਰੀ-ਸ਼ਡਿਊਲ ਕੀਤੀ ਗਈ ਹੈ, ਜਿਸ ਨਾਲ ਅਸੀਂ ਸਾਰੇ ਫਸ ਗਏ ।
ਇਕ ਹੋਰ ਯਾਤਰੀ ਰੋਹਨ ਰਾਜਾ ਨੇ ਦੱਸਿਆ ਕਿ ਦਿੱਲੀ ਤੋਂ ਸਵੇਰੇ 6.40 'ਤੇ ਉਡਾਣ ਰੱਦ ਹੋਣ ਤੋਂ ਬਾਅਦ ਲੋਕਾਂ ਨੂੰ ਠੰਡ ਨਾਲ ਜੂਝਣਾ ਪੈ ਰਿਹਾ ਹੈ। ਏਅਰਲਾਈਨ ਨੇ ਉਸ ਨੂੰ ਕੋਈ ਸਹੂਲਤ ਨਹੀਂ ਦਿੱਤੀ, ਇੱਥੋਂ ਤੱਕ ਕਿ ਉਸ ਨੂੰ ਕਥਿਤ ਤੌਰ 'ਤੇ ਰਿਹਾਇਸ਼ ਵੀ ਨਹੀਂ ਦਿੱਤੀ ਗਈ।
ਹਫੜਾ-ਦਫੜੀ ਦਾ ਮਾਹੌਲ
ਇਕ ਹੋਰ ਯਾਤਰੀ ਪਾਰਸ਼ਵਾ ਮਹਿਤਾ ਨੇ ਦੱਸਿਆ ਕਿ ਰਾਤ 8.15 ਵਜੇ ਦੀ ਉਡਾਣ ਪਹਿਲਾਂ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਅਗਲੇ ਦਿਨ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਇੰਡੀਗੋ ਵੱਲੋਂ ਕੋਈ ਐਲਾਨ ਨਾ ਕੀਤੇ ਜਾਣ ਅਤੇ ਤੁਰਕੀ ਏਅਰਲਾਈਨਜ਼ ਦੇ ਚਾਲਕ ਦਲ ਤੋਂ ਸੂਚਨਾ ਮਿਲਣ 'ਤੇ ਹਫੜਾ-ਦਫੜੀ ਦੀ ਸਥਿਤੀ ਬਣ ਗਈ।