ਕੈਨੇਡਾ ਵਿਚ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪੂਰਬੀ ਟੋਰਾਂਟੋ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿਥੇ ਇੱਕ ਪੱਬ ਵਿੱਚ ਹੋਈ ਗੋਲੀਬਾਰੀ ਦੌਰਾਨ ਘੱਟੋ-ਘੱਟ 12 ਲੋਕ ਜ਼ਖਮੀ ਹੋ ਗਏ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਸਕਾਰਬਰੋ ਟਾਊਨ ਸੈਂਟਰ ਮਾਲ ਨੇੜੇ ਹੋਈ ਗੋਲੀਬਾਰੀ ਵਿੱਚ ਬਾਰਾਂ ਲੋਕ ਜ਼ਖਮੀ ਹੋ ਗਏ ਤੇ ਲੋਕਾਂ ਵਿਚ ਹੜੜਾ-ਦਫੜੀ ਮਚ ਗਈ।
ਪੁਲਸ ਕਰ ਰਹੀ ਜਾਂਚ
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੁਲਸ ਨੇ ਦੱਸਿਆ ਕਿ ਸ਼ੱਕੀ ਅਜੇ ਵੀ ਫਰਾਰ ਹੈ। ਲੋਕਾਂ ਨੂੰ ਗੋਲੀਬਾਰੀ ਵਾਲੀ ਥਾਂ ਤੋਂ ਦੂਰ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਗਈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਦੱਸ ਦੇਈਏ ਕਿ ਸ਼ਨੀਵਾਰ ਸਵੇਰੇ 'ਐਕਸ' ਵਿਖੇ ਹੋਈ ਗੋਲੀਬਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਕਿਹਾ ਕਿ ਇਸ ਘਟਨਾ ਵਿੱਚ ਤਿੰਨ ਲੋਕਾਂ 'ਤੇ ਸ਼ੱਕ ਹੈ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਪਹਿਲਾਂ ਵੀ ਵਾਪਰ ਚੁੱਕੀ ਅਜਿਹੀ ਘਟਨਾ
ਇਸ ਘਟਨਾ ਤੋਂ ਬਾਅਦ ਟੋਰਾਂਟੋ ਦੀ ਮੇਅਰ ਓਲੀਵੀਆ ਚਾਉ ਨੇ ਕਿਹਾ ਕਿ ਉਸ ਨੇ ਪੁਲਿਸ ਮੁਖੀ ਮਾਈਰੋਨ ਡੈਮਕਿਵ ਨਾਲ ਗੱਲ ਕੀਤੀ ਹੈ ਅਤੇ ਉਸ ਨੂੰ ਦੱਸਿਆ ਗਿਆ ਹੈ ਕਿ ਸਾਰੇ ਜ਼ਰੂਰੀ ਸਰੋਤ ਤਾਇਨਾਤ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ, ਮਾਮਲੇ ਦੀ ਜਾਂਚ ਚੱਲ ਰਹੀ ਹੈ।" ਪੁਲਿਸ ਅੱਪਡੇਟ ਦੇਵੇਗੀ। ਮੇਰੀਆਂ ਸੰਵੇਦਨਾਵਾਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ।
ਜ਼ਿਕਰਯੋਗ ਹੈ ਕਿ ਸਾਲ 2022 ਵਿੱਚ ਵੀ ਕੈਨੇਡਾ ਦੇ ਨੋਵਾ ਸਕੋਸ਼ੀਆ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਜਿਸ ਵਿੱਚ 22 ਲੋਕਾਂ ਦੀ ਮੌਤ ਹੋਈ ਸੀ।