ਜਲੰਧਰ ਵਿੱਚ ਦੇਰ ਰਾਤ ਆਟੋ ਦੀ ਉਡੀਕ ਕਰ ਰਹੇ ਇੱਕ ਵਿਅਕਤੀ ਨੂੰ ਤੇਜ਼ ਰਫ਼ਤਾਰ ਕਾਰ ਨੇ ਕੁਚਲ ਦਿੱਤਾ। ਇਸ ਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਵਿਅਕਤੀ ਹਵਾ ਵਿੱਚ 7 ਫੁੱਟ ਉੱਪਰ ਨੂੰ ਉਛਲਿਆ ਅਤੇ ਦੂਜੇ ਪਾਸੇ ਸੜਕ 'ਤੇ ਡਿੱਗ ਪਿਆ। ਹਾਦਸੇ ਤੋਂ ਬਾਅਦ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਦਰਗਾਹ 'ਤੇ ਮੱਥਾ ਟੇਕਣ ਗਿਆ ਸੀ
ਮ੍ਰਿਤਕ ਦੀ ਪਛਾਣ ਰਾਮ ਕੁਮਾਰ ਪੁੱਤਰ ਪਰਸਰਾਮ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕਿ ਰਾਮ ਕੁਮਾਰ ਮੰਡੀ ਵਿੱਚ ਫੜੀ ਲਗਾ ਕੇ ਪੁਰਾਣੇ ਭਾਂਡਿਆਂ ਦਾ ਲੈਣ-ਦੇਣ ਕਰਦਾ ਸੀ। 23 ਜਨਵਰੀ ਨੂੰ ਰਾਤ 10.30 ਵਜੇ ਛੁੱਟੀ ਹੋਣ ਤੋਂ ਬਾਅਦ ਉਹ ਦਰਗਾਹ 'ਤੇ ਮੱਥਾ ਟੇਕਣ ਲਈ ਗਿਆ ਸੀ। ਮੱਥਾ ਟੇਕਣ ਤੋਂ ਬਾਅਦ ਗੁਰੂ ਨਾਨਕ ਗਾਰਮੈਂਟ ਦੀ ਦੁਕਾਨ ਬਾਹਰ ਰਾਤ 11.30 ਵਜੇ ਦੇ ਕਰੀਬ ਆਟੋ ਦੀ ਉਡੀਕ ਕਰ ਰਿਹਾ ਸੀ।
ਪਰਿਵਾਰਕ ਮੈਂਬਰਾਂ ਨੇ ਲਗਾਏ ਦੋਸ਼
ਜਿੱਥੇ ਉਸ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਕੁਚਲ ਦਿੱਤਾ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਇਸ ਘਟਨਾ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ, ਪਰ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ। ਪਰਿਵਾਰਕ ਮੈਂਬਰਾਂ ਅਨੁਸਾਰ ਕਾਰ ਚਾਲਕ ਮਾਡਲ ਟਾਊਨ ਤੋਂ ਗੁਰੂ ਰਵਿਦਾਸ ਚੌਕ ਵੱਲ ਆ ਰਿਹਾ ਸੀ ਅਤੇ ਇਸ ਦੌਰਾਨ ਉਸਨੇ ਰਾਮ ਨੂੰ ਕੁਚਲ ਦਿੱਤਾ। ਪਰਿਵਾਰ ਨੇ ਹੀ ਸੀਸੀਟੀਵੀ ਫੁਟੇਜ ਲੱਭ ਕੇ ਪੁਲਸ ਨੂੰ ਦਿੱਤੀ ਪਰ ਪੁਲਸ ਅਜੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦੇ ਕੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।