ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ 'ਚ ਜਲੰਧਰ ਕਮਿਸ਼ਨਰੇਟ ਪੁਲਸ ਨੇ ਮਹਿਲਾ ਦੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਦਰਅਸਲ 1 ਅਪ੍ਰੈਲ ਨੂੰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਰਿਵਾਰਕ ਝਗੜੇ ਦੌਰਾਨ ਇੱਕ ਔਰਤ ਜ਼ਖਮੀ ਹੋ ਗਈ ਸੀ ਅਤੇ ਉਸ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਕਰਵਾਇਆ ਗਿਆ ਸੀ।
ਸਿਰ 'ਤੇ ਲੋਹੇ ਦੇ ਭਾਂਡੇ ਨਾਲ ਕੀਤੇ ਵਾਰ
ਅਮਰਜੀਤ ਸਿੰਘ ਅਤੇ ਰਸ਼ਪਾਲ ਕੌਰ ਵਿਆਹੇ ਹੋਏ ਸਨ ਪਰ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਲੜਾਈ ਹੋ ਗਈ, ਜਿਸ ਕਾਰਨ ਅਮਰਜੀਤ ਸਿੰਘ ਨੇ ਆਪਣੀ ਪਤਨੀ ਦੇ ਸਿਰ 'ਤੇ ਲੋਹੇ ਦੇ ਭਾਂਡੇ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ।
ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ
ਜਿਸ ਤੋਂ ਬਾਅਦ ਪੁੱਤਰ ਨੇ ਆਪਣੇ ਦੋਸਤਾਂ ਦੀ ਮਦਦ ਨਾਲ ਮਾਂ ਨੂੰ ਸਿਵਲ ਹਸਪਤਾਲ ਜਲੰਧਰ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਜਾਂਚ ਦੇ ਆਧਾਰ 'ਤੇ ਅਮਰਜੀਤ ਸਿੰਘ ਪੁੱਤਰ ਬਨਾਰਸੀ ਦਾਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਨੇ ਲੋਹੇ ਦਾ ਭਾਂਡਾ ਬਰਾਮਦ ਕੀਤਾ
ਇਸ ਦੇ ਨਾਲ ਹੀ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਉਕਤ ਮੁਲਜ਼ਮ ਦੇ ਖਿਲਾਫ ਥਾਣਾ ਬਸਤੀ ਬਾਵਾ ਖੇਲ, ਜਲੰਧਰ ਵਿੱਚ ਐਫ.ਆਈ.ਆਰ. ਦਰਜ ਕਰ ਲਈ ਹੈ। ਪੁਲਸ ਨੇ ਘਟਨਾ ਵਿੱਚ ਵਰਤਿਆ ਲੋਹੇ ਦਾ ਭਾਂਡਾ ਵੀ ਬਰਾਮਦ ਕਰ ਲਿਆ ਹੈ। ਹਾਲਾਂਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।